ਆਈਪੀਐੱਲ: ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ
ਜੈਪੁਰ, 24 ਮਾਰਚਧ
ਕਪਤਾਨ ਸੰਜੂ ਸੈਮਸਨ ਦੀਆਂ ਨਾਬਾਦ 82 ਦੌੜਾਂ ਦੀ ਬਦੌਲਤ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਦੇ ਪਹਿਲੇ ਮੈਚ ਵਿੱਚ ਲਖਨਉੂ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ। ਜਿੱਤ ਲਈ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਲਈ ਕੇਐੱਲ ਰਾਹੁਲ ਨੇ 58 ਦੌੜਾਂ ਅਤੇ ਨਿਕੋਲਸ ਪੂਰਨ ਨੇ ਨਾਬਾਦ 64 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਜਿੱਤ ਤੱਕ ਨਹੀਂ ਪਹੁੰਚ ਸਕੀ। ਇੱਕ ਸਮੇਂ 11 ਦੌੜਾਂ ’ਤੇ ਤਿੰਨ ਵਿਕਟਾਂ ਗਵਾਉਣ ਮਗਰੋਂ ਲਖਨਊ ਸੁਪਰ ਜਾਇੰਟਸ ਨੇ ਛੇ ਵਿਕਟਾਂ ’ਤੇ 173 ਦੌੜਾਂ ਬਣਾਈਆਂ।
ਲਖਨਊ ਦੀ ਸ਼ੁਰੂਆਤ ਮਾੜੀ ਰਹੀ ਅਤੇ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਅਤੇ ਨਾਂਦਰੇ ਬਰਗਰ ਨੇ ਚੰਗਾ ਪ੍ਰਦਰਸ਼ਨ ਕੀਤਾ। ਬੋਲਟ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਬਰਗਰ ਨੂੰ ਇੱਕ ਵਿਕਟ ਮਿਲੀ। ਲੈੱਗ ਸਟੰਪ ਤੋਂ ਬਾਹਰ ਜਾਂਦੀ ਬੋਲਟ ਦੀ ਗੇਂਦ ’ਤੇ ਛੱਕਾ ਲਾਉਣ ਦੀ ਕੋਸ਼ਿਸ਼ ਵਿੱਚ ਕਿੰਵਟੋਨ ਡਿਕਾਂਕ ਬਾਊਂਡਰੀ ’ਤੇ ਬਰਗਰ ਨੂੰ ਕੈਚ ਦੇ ਬੈਠਿਆ। ਬੋਲਟ ਨੇ ਅਗਲੇ ਓਵਰ ਵਿੱਚ ਦੇਵਦੱਤ ਪੱਡੀਕਲ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਕਰ ਦਿੱਤਾ। ਆਯੂਸ਼ ਬਡੋਨੀ (ਇੱਕ) ਨੂੰ ਬਰਗਰ ਨੇ ਮਿੱਡ ਆਨ ’ਤੇ ਜੋਸ ਬਟਲਰ ਹੱਥੋਂ ਆਊਟ ਕਰਵਾਇਆ।
ਪਹਿਲੇ ਚਾਰ ਓਵਰਾਂ ਵਿੱਚ ਲਖਨਊ ਨੇ ਤਿੰਨ ਵਿਕਟਾਂ 11 ਦੌੜਾਂ ’ਤੇ ਗੁਆ ਲਈਆਂ। ਦੀਪਕ ਹੁੱਡਾ ਨੇ ਰਾਹੁਲ ਨਾਲ ਚੌਥੀ ਵਿਕਟ ਲਈ 49 ਦੌੜਾਂ ਬਣਾਈਆਂ। ਉਸ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ ਪਰ ਯੁਜਵੇਂਦਰ ਚਹਲ ਦੀ ਗੇਂਦ ’ਤੇ ਆਪਣੀ ਵਿਕਟ ਗੁਆ ਬੈਠਿਆ। ਸੰਦੀਪ ਸ਼ਰਮਾ ਨੇ ਰਾਹੁਲ ਦੀ ਅਹਿਮ ਵਿਕਟ ਲਈ, ਜਿਸ ਦਾ ਕੈਚ ਸਵੀਪਰ ਕਵਰ ’ਚ ਧਰੁਵ ਜੁਰੇਲ ਨੇ ਕੀਤਾ। ਇਸੇ ਤਰ੍ਹਾਂ ਅਸ਼ਿਵਨ ਨੇ ਮਾਰਕਸ ਸਟੋਇਨਿਸ (3) ਨੂੰ ਡੀਪ ਮਿੱਡਵਿਕਟ ’ਤੇ ਜੁਰੇਲ ਦੇ ਹੱਥਾਂ ’ਚ ਗੇਂਦ ਪਹੁੰਚਾ ਕੇ ਆਊਟ ਕਰ ਦਿੱਤਾ। ਆਖਰੀ ਦੋ ਓਵਰਾਂ ਵਿੱਚ ਲਖਨਊ ਨੂੰ 38 ਦੌੜਾਂ ਦੀ ਲੋੜ ਸੀ।
ਸੰਦੀਪ ਨੇ 19ਵੇਂ ਓਵਰ ਵਿੱਚ ਸਿਰਫ਼ 11 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਸੰਜੂ ਸੈਮਸਨ ਨੇ ਨਾਬਾਦ 82 ਦੌੜਾਂ ਬਣਾ ਕੇ ਰਾਜਸਥਾਨ ਨੂੰ ਚਾਰ ਵਿਕਟਾਂ ’ਤੇ 193 ਦੌੜਾਂ ਤੱਕ ਪਹੁੰਚਾਇਆ। -ਪੀਟੀਆਈ
ਪੰਜਾਬ ਦਾ ਬੰਗਲੂਰੂ ਨਾਲ ਮੁਕਾਬਲਾ ਅੱਜ
ਬੰਗਲੂਰੂ: ਰਾਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਨੇ ਹੁ ਤੱਕ ਆਈਪੀਐੱਲ 2024 ਸੈਸ਼ਨ ਵਿੱਚ ਸਿਰਫ਼ ਇੱਕ ਹੀ ਮੈਚ ਖੇਡਿਆ ਹੈ ਪਰ ਇਸ ਨੇ ਉਸ ਦੀ ਗੇਂਦਬਾਜ਼ੀ ਦੀ ਕਮਜ਼ੋਰੀ ਨੂੰ ਉਭਾਰ ਦਿੱਤਾ ਹੈ, ਜਿਸ ਕਾਰਨ ਭਲਕੇ ਸੋਮਵਾਰ ਨੂੰ ਇੱਥੇ ਚਿੱਨਾਸਵਾਮੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਉਨ੍ਹਾਂ ਨੂੰ ਗੇਂਦਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਲੋੜ ਹੋਵੇਗੀ। ਪੰਜਾਬ ਕਿੰਗਜ਼ ਖ਼ਿਲਾਫ਼ ਆਰਸੀਬੀ ਦੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਬੀਤੇ ਦਿਨ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ। ਦੋਵਾਂ ਟੀਮਾਂ ਦਰਮਿਆਨ ਭਲਕੇ ਸੋਮਵਾਰ ਨੂੰ ਹੋਣ ਵਾਲਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। -ਪੀਟੀਆਈ
ਸਿੱਧੂ ਨੇ ਪੰਤ ਦੀ ਵਾਪਸੀ ’ਤੇ ਖੁਸ਼ੀ ਜਤਾਈ
ਮੁੱਲਾਂਪੁਰ: ਭਾਰਤ ਦੇ ਸਾਬਕਾ ਸਟਾਰ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਕਾਰ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਦੀ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ’ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਭਾਰਤੀ ਕ੍ਰਿਕਟ ਨੂੰ ਉਸ ਦਾ ਸ਼ਾਨਦਾਰ ਹੀਰਾ ਵਾਪਸ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ 2022 ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਬੀਤੇ ਦਿਨ ਰਿਸ਼ਭ ਪੰਤ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਖੇਡਿਆ। ਸਿੱਧੂ ਨੇ ਕਿਹਾ ਕਿ ਉਹ ਦਿੱਲੀ ਕੈਪੀਟਲਜ਼ ਦੀ ਅਗਵਾਈ ਕਰ ਰਿਹਾ ਹੈ ਤੇ ਵਧੀਆ ਕ੍ਰਿਕਟ ਖੇਡ ਰਿਹਾ ਹੈ। -ਆਈਏਐੱਨਐੱਸ