ਆਈਪੀਐੱਲ: ਪੰਜਾਬ ਕਿੰਗਜ਼ ਨੇ ਜਿੱਤ ਨਾਲ ਕੀਤਾ ਆਗਾਜ਼
ਚੰਡੀਗੜ੍ਹ, 23 ਮਾਰਚ
ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਪਣੇ ਪਹਿਲੇ ਮੈਚ ’ਚ ਹਰਫਨਮੌਲਾ ਸੈਮ ਕੁਰੈਨ ਦੇ ਨੀਮ ਸੈਂਕੜੇ ਸਦਕਾ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਸੈਮ ਕੁਰੈਨ ਦੀਆਂ 63 ਦੌੜਾਂ ਤੇ ਲਿਆਮ ਲਿਵਿੰਗਸਟੋਨ ਦੀਆਂ 38 ਦੌੜਾਂ ਸਦਕਾ ਜਿੱਤ ਲਈ 175 ਦੌੜਾਂ ਦਾ ਟੀਚਾ 19.4 ਓਵਰਾਂ ’ਚ ਪੂਰਾ ਕਰ ਲਿਆ। ਪੰਜਾਬ ਦੀ ਜਿੱਤ ਵਿੱਚ ਸ਼ਿਖਰ ਧਵਨ ਨੇ 22 ਦੌੜਾਂ ਅਤੇ ਪ੍ਰਭਸਿਮਰਨ ਸਿੰਘ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਵੱਲੋਂ ਖਲੀਲ ਅਹਿਮਦ ਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਇਸ਼ਾਂਤ ਸ਼ਰਮਾ ਨੂੰ ਇੱਕ ਵਿਕਟ ਮਿਲੀ। ਸੈਮ ਕੁਰੈਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਇਸ ਤੋਂ ਪਹਿਲਾਂ ਰਿਸ਼ਭ ਪੰਤ ਜਿਸ ਨੇ ਲੰਮੇ ਸਮੇਂ ਬਾਅਦ ਕ੍ਰਿਕਟ ’ਚ ਵਾਪਸੀ ਕੀਤੀ ਹੈ, ਅੱਜ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕਿਆ ਅਤੇ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ 174/9 ਦੇ ਸਕੋਰ ’ਤੇ ਹੀ ਰੋਕ ਦਿੱਤਾ। ਦਿੱਲੀ ਵੱਲੋਂ ਡੇਵਿਡ ਵਾਰਨਰ ਨੇ 29 ਦੌੜਾਂ, ਮਿਚੇਲ ਮਾਰਸ਼ ਨੇ 20, ਸ਼ਾਈ ਹੋਪ ਨੇ 33, ਕਪਤਾਨ ਰਿਸ਼ਭ ਪੰਤ ਨੇ 18 ਦੌੜਾਂ, ਅਭਿਸ਼ੇਕ ਪੋਰੇਲ ਨੇ 32 ਤੇ ਅਕਸ਼ਰ ਪਟੇਲ ਨੇ 21 ਦੌੜਾਂ ਬਣਾਈਆਂ। ਪੰਜਾਬ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਹਾਰ ਨੂੰ ਇੱਕ ਇੱਕ ਵਿਕਟ ਮਿਲੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ ਲਈ ਚੌਥਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਉਸ ਦੇ ਨਾਂ ਹੁਣ 52 ਮੈਚਾਂ ’ਚੋਂ 59 ਵਿਕਟਾਂ ਹੋ ਗਈਆਂ ਹਨ। ਅਰਸ਼ਦੀਪ ਨੇ ਮੁਹੰਮਦ ਸ਼ਮੀ ਨੂੰ ਪਛਾੜ ਕੇ ਇਹ ਉਪਲੱਬਧੀ ਹਾਸਲ ਕੀਤੀ। ਦੱਸਣਯੋਗ ਹੈ ਕਿ ਲੰਘੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੇ ਰੌਇਲ ਚੈਂਲੈਜਰਸ ਬੰਗਲੂਰੂ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਬੰਗਲੂਰੂ ਨੇ ਪਹਿਲਾਂ ਖੇਡਦਿਆਂ 173/6 ਦਾ ਸਕੋਰ ਬਣਾਇਆ ਸੀ ਜਦਕਿ ਚੇਨੱਈ ਨੇ ਜਿੱਤ ਲਈ 174 ਦੌੜਾਂ ਦਾ ਟੀਚਾ ਸਿਰਫ ਚਾਰ ਵਿਕਟਾਂ ਗੁਆ ਕੇ 18.4 ਓਵਰਾਂ ’ਚ ਹਾਸਲ ਕਰ ਲਿਆ ਸੀ।
ਕੋਲਕਾਤਾ: ਇਸੇ ਦੌਰਾਨ ਅੱਜ ਇੱਥੇ ਇੱਕ ਹੋਰ ਆਈਪੀਐੱਲ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਦਿਲਚਸਪ ਮੈਚ ਵਿੱਚ ਸਨਰਾਈਰਜ਼ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਨੇ ਜਿੱਤ ਲਈ 209 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਜਵਾਬ ’ਚ ਹੈਦਰਾਬਾਦ 204 ਦੌੜਾਂ ਹੀ ਬਣਾ ਸਕੀ। -ਏਜੰਸੀ
ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਅੱਜ
ਜੈਪੁਰ: ਲਖਨਊ ਸੁਪਰ ਜਾਇੰਟਸ ਅਤੇ ਰਾਜਸਥਾਨ ਰਾਇਲਜ਼ ਦਰਮਿਆਨ ਭਲਕੇ ਐਤਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨ ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਦੇ ਪ੍ਰਦਰਸ਼ਨ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਸੱਟ ਲੱਗਣ ਕਾਰਨ ਰਾਹੁਲ ਇੰਗਲੈਂਡ ਖ਼ਿਲਾਫ਼ ਆਖਰੀ ਚਾਰ ਟੈਸਟ ਮੈਚ ਨਹੀਂ ਖੇਡ ਸਕਿਆ ਸੀ। ਲਖਨਊੁ ਦੀ ਟੀਮ ਰਾਹੁਲ ਦੀ ਅਗਵਾਈ ਵਿੱਚ ਪਿਛਲੇ ਦੋ ਸੈਸ਼ਨ ਦੌਰਾਨ ਪਲੇਅ ਆਫ ਵਿੱਚ ਜਗ੍ਹਾ ਬਣਾਉਣ ’ਚ ਸਫ਼ਲ ਰਹੀ ਸੀ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦਾ ਕਪਤਾਨ ਸੰਜੂੁ ਸੈਮਸਨ ਵੀ ਆਈਸੀਸੀ ਟੂਰਨਾਮੈਂਟ ਲਈ ਵਿਕਟਕੀਪਰ ਵਜੋਂ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦਾ ਦਾਅਵੇਦਾਰ ਹੈ ਅਤੇ ਉਹ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਰਾਇਲਜ਼ ਦੀ ਟੀਮ 2022 ਵਿੱਚ ਫਾਈਨਲ ’ਚ ਪੁੱਜੀ ਸੀ, ਜਿੱਥੇ ਉਸ ਨੂੰ ਗੁਜਰਾਤ ਟਾਇਟਨਜ਼ ਤੋਂ ਹਾਰ ਝੱਲਣੀ ਪਈ ਸੀ। ਪਿਛਲੇ ਸੈਸ਼ਨ ਵਿੱਚ ਵੀ ਉਸ ਨੇ ਸ਼ੁਰੂ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਅਖੀਰ ’ਚ ਪੰਜਵੇਂ ਸਥਾਨ ’ਤੇ ਰਹੀ ਸੀ। ਭਲਕੇ ਐਤਵਾਰ ਨੂੰ ਖੇਡਿਆ ਜਾਣ ਵਾਲਾ ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। -ਪੀਟੀਆਈ