ਅਹਿਮਦਾਬਾਦ, 9 ਅਪਰੈਲਸਾਈ ਸੁਦਰਸ਼ਨ (82 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਵੱਲੋਂ ਦਿੱਤੇ 218 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਰਾਜਸਥਾਨ ਵੱਲੋਂ ਸਭ ਤੋਂ ਵੱਧ 52 ਦੌੜਾਂ ਸ਼ਿਮਰੋਨ ਹੈਟਮਾਇਰ ਨੇ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਸੰਜੂ ਸੈਮਸਨ ਨੇ 41 ਅਤੇ ਰਿਆਨ ਪਰਾਗ ਨੇ 26 ਦੌੜਾਂ ਬਣਾਈਆਂ। ਹੋਰ ਕੋਈ ਵੀ ਰਾਜਸਥਾਨ ਦਾ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਗੁਜਰਾਤ ਲਈ ਪ੍ਰਸਿਧ ਕ੍ਰਿਸ਼ਨਾ ਨੇ ਤਿੰਨ, ਰਾਸ਼ਿਦ ਖਾਨ ਅਤੇ ਆਰ. ਸਾਈ ਕਿਸ਼ੋਰ ਨੇ ਦੋ-ਦੋ, ਜਦਕਿ ਮੁਹੰਮਦ ਸਿਰਾਜ, ਅਰਸ਼ਦ ਖਾਨ ਅਤੇ ਕੁਲਵੰਤ ਨੇ ਇੱਕ-ਇੱਕ ਵਿਕਟ ਲਈ।ਇਸ ਤੋਂ ਪਹਿਲਾਂ ਸਾਈ ਸੁਦਰਸ਼ਨ ਦੇ ਨੀਮ ਸੈਂਕੜੇ ਦੀ ਬਦੌਲਤ ਮੇਜ਼ਬਾਨ ਗੁਜਰਾਤ ਟਾਈਟਨਜ਼ ਦੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ਨਾਲ 217 ਦੌੜਾਂ ਬਣਾਈਆਂ ਸਨ। ਸੁਦਰਸ਼ਨ ਨੇ 53 ਗੇਂਦਾਂ ਵਿਚ 82 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ ਅੱਠ ਚੌਕੇ ਤੇ ਤਿੰਨ ਛੱਕੇ ਜੜੇ। ਸੁਦਰਸ਼ਨ ਦਾ ਇਸ ਆਈਪੀਐੱਲ ਸੀਜ਼ਨ ਦਾ ਇਹ ਤੀਜਾ ਨੀਮ ਸੈਂਕੜਾ ਹੈ। ਹੋਰਨਾਂ ਬੱਲੇਬਾਜ਼ਾਂ ’ਚੋਂ ਜੋਸ ਬਟਲਰ ਤੇ ਸ਼ਾਹਰੁਖ ਖ਼ਾਨ ਨੇ 36-36 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਸ਼ੁਭਮਨ ਗਿੱਲ ਦੋ ਦੌੜਾਂ ਹੀ ਬਣਾ ਸਕਿਆ। ਰਾਹੁਲ ਤੇਵਤੀਆ 24 ਦੌੜਾਂ ਨਾਲ ਨਾਬਾਦ ਰਿਹਾ। ਰਾਜਸਥਾਨ ਲਈ ਤੁਸ਼ਾਰ ਦੇਸ਼ਪਾਂਡੇ ਤੇ ਮਹੀਸ਼ ਤੀਕਸ਼ਣਾ ਨੇ ਦੋ-ਦੋ, ਜਦਕਿ ਜੋਫ਼ਰਾ ਆਰਚਰ ਤੇ ਸੰਦੀਪ ਸ਼ਰਮਾ ਨੇ ਇਕ-ਇਕ ਵਿਕਟ ਲਈ। -ਪੀਟੀਆਈ