ਆਈਪੀਐੱਲ: ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾਇਆ
ਆਈਪੀਐੱਲ ਦੇ ਅੱਜ ਇਥੇ ਖੇਡੇ ਇਕ ਮੈਚ ਵਿੱਚ ਗੁਜਰਾਤ ਟਾਈਟਨਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਟਾਈਟਨਜ਼ ਨੇ ਮੁੰਬਈ ਦੀ ਟੀਮ ਨੂੰ ਜਿੱਤ ਲਈ 197 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੁੰਬਈ ਦੀ ਟੀਮ 6 ਵਿਕਟਾਂ ਗੁਆ ਕੇ 160 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸੂਰਿਆਕੁਮਾਰ ਯਾਦਵ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਤਿਲਕ ਵਰਮਾ ਨੇ 39 ਦੌੜਾਂ ਬਣਾਈਆਂ। ਗੁਜਰਾਤ ਟੀਮ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ (38) ਅਤੇ ਸਾਈ ਸੁਦਰਸ਼ਨ (63) ਨੇ ਗੁਜਰਾਤ ਨੂੰ ਚੰਗੀ ਸ਼ੁਰੂਆਤ ਦਿੱਤੀ। ਸੁਦਰਸ਼ਨ ਨੇ 41 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਕਪਤਾਨ ਸ਼ੁਭਮਨ ਗਿੱਲ ਨਾਲ ਪਹਿਲੀ ਵਿਕਟ ਲਈ 78 ਤੇ ਜੋਸ ਬਟਲਰ (39) ਨਾਲ ਦੂਜੀ ਵਿਕਟ ਲਈ 51 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਲਈ ਚੰਗਾ ਪਲੇਟਫਾਰਮ ਤਿਆਰ ਕੀਤਾ। ਸਿਖਰਲੇ ਤਿੰਨ ਬੱਲੇਬਾਜ਼ਾਂ ਨੂੰ ਛੱਡ ਕੇ ਗੁਜਰਾਤ ਦੇ ਬਾਕੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਅਤੇ ਸਿਰਫ਼ ਐੱਸ ਰਦਰਫੋਰਡ (18) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕਿਆ। ਮੁੰਬਈ ਲਈ ਕਪਤਾਨ ਹਾਰਦਿਕ ਪੰਡਿਆ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਟਰੈਂਟ ਬੋਲਟ, ਦੀਪਕ ਚਾਹਰ, ਮੁਜੀਬ ਉਰ ਰਹਿਮਾਨ ਅਤੇ ਸੱਤਿਆਨਾਰਾਇਣ ਰਾਜੂ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ