IPL: ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ: ਬੀਸੀਸੀਆਈ
ਨਵੀਂ ਦਿੱਲੀ, 20 ਮਈ
Ahmedabad host IPL final: ਬੀਸੀਸੀਆਈ ਨੇ ਅੱਜ ਐਲਾਨ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਵਿਚ 3 ਜੂਨ ਨੂੰ ਖੇਡਿਆ ਜਾਵੇਗਾ। ਜਦਕਿ ਪੰਜਾਬ ਦੇ ਮੁੱਲਾਂਪੁਰ ਵਿਚ ਪਹਿਲੇ ਦੋ ਪਲੇਅ-ਆਫ ਮੈਚ ਖੇਡੇ ਜਾਣਗੇ।
ਬੀਸੀਸੀਆਈ ਨੇ ਮੌਨਸੂਨ ਨੂੰ ਦੇਖਦੇ ਹੋਏ 23 ਮਈ ਦੇ ਰੌਇਲ ਚੈਲੰਜਰਜ਼ ਬੰਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਬੰਗਲੁਰੂ ਵਿੱਚ ਹੋਣ ਵਾਲੇ ਮੈਚ ਨੂੰ ਵੀ ਲਖਨਊ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਇਸ ਤੋਂ ਪਹਿਲਾਂ ਹੈਦਰਾਬਾਦ ਅਤੇ ਕੋਲਕਾਤਾ ਵਿਚ ਪਲੇਅ-ਆਫ ਮੈਚ ਖੇਡੇ ਜਾਣੇ ਸਨ ਪਰ ਭਾਰਤ-ਪਾਕਿਸਤਾਨ ਫੌਜੀ ਤਣਾਅ ਦੇ ਮੱਦੇਨਜ਼ਰ ਆਈਪੀਐਲ ਦੇ ਸ਼ਡਿਊਲ ਨੂੰ ਸੋਧਣਾ ਪਿਆ ਸੀ। ਬੀਸੀਸੀਆਈ ਨੇ ਮੈਚਾਂ ਦੇ ਸਥਾਨਾਂ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਮੌਨਸੂਨ ਸੀਜ਼ਨ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਬੀਸੀਸੀਆਈ ਨੇ ਕਿਹਾ ਕਿ ਪਲੇਅ ਆਫ ਵਾਂਗ ਮੈਚ ਵਿੱਚ ਰੁਕਾਵਟ ਪਾਉਣ ਵਾਲੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਕ ਘੰਟਾ ਵਾਧੂ ਦਾ ਸਮਾਂ ਰੱਖਿਆ ਗਿਆ ਹੈ।
ਬੀਸੀਸੀਆਈ ਨੇ ਦੱਸਿਆ, ‘ਕੁਆਲੀਫਾਇਰ 1 ਅਤੇ ਐਲੀਮੀਨੇਟਰ ਮੁੱਲਾਂਪੁਰ ਵਿੱਚ 29 ਅਤੇ 30 ਮਈ ਨੂੰ ਹੋਣਗੇ ਜਦਕਿ ਅਹਿਮਦਾਬਾਦ ਵਿਚ ਕੁਆਲੀਫਾਇਰ 2 ਪਹਿਲੀ ਜੂਨ ਨੂੰ ਹੋਵੇਗਾ ਅਤੇ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਅਹਿਮਦਾਬਾਦ ਨੇ ਇਸ ਤੋਂ ਪਹਿਲਾਂ 2022 ਅਤੇ 2023 ਵਿੱਚ ਆਈਪੀਐਲ ਫਾਈਨਲ ਦੀ ਮੇਜ਼ਬਾਨੀ ਕੀਤੀ ਸੀ। ਪੀਟੀਆਈ