IPL Eliminator: ਰੋਮਾਂਚਕ ਮੁਕਾਬਲੇ ਵਿਚ ਮੁੰਬਈ ਨੇ ਗੁਜਰਾਤ ਨੂੰ 20 ਦੌੜਾਂ ਨਾਲ ਹਰਾਇਆ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 30 ਮਈ
ਨਿਊ ਚੰਡੀਗੜ੍ਹ ਦੇ ਨਵੇਂ ਪੀਸੀਏ ਸਟੇਡੀਅਮ ਵਿੱਚ ਅੱਜ ਹੋਏ ਆਈਪੀਐੱਲ ਦੇ ਐਲਿਮੀਨੇਟਰ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼(MI) ਦੀ ਟੀਮ ਨੇ ਬੇਹੱਦ ਰੋਮਾਂਚਕ ਮੈਚ ਵਿਚ ਗੁਜਰਾਤ ਟਾਈਟਨਜ਼ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੀਮ ਨੇ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਉੱਤੇ 228 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਗੁਜਰਾਤ ਦੀ ਟੀਮ ਛੇ ਵਿਕਟਾਂ ’ਤੇ 208 ਦੌੜਾਂ ਹੀ ਬਣਾ ਸਕੀ। ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਹੁਣ ਫ਼ਾਈਨਲ ਵਿਚ ਪਹੁੰਚਣ ਲਈ ਪਹਿਲੀ ਜੂਨ ਨੂੰ ਅਹਿਮਦਾਬਾਦ ਵਿਖੇ ਹੋਣ ਵਾਲੇ ਦੂਜੇ ਕੁਆਲੀਫਾਇਰ ਮੁਕਾਬਲੇ ਵਿਚ ਪੰਜਾਬ ਕਿੰਗਜ਼ (PBKS) ਨਾਲ ਭਿੜਨਾ ਪਵੇਗਾ।
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਿਆਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਟੀਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪਾਰੀ ਖੇਡਦਿਆਂ ਚੌਕਿਆਂ ਛੱਕਿਆਂ ਦੀ ਝੜੀ ਲਗਾਈ। ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਨੇ 50 ਗੇਂਦਾਂ ਵਿਚ 9 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 81, ਆਈਪੀਐੱਲ ਦਾ ਪਹਿਲਾ ਮੈਚ ਖੇਡ ਰਹੇ ਜੌਹਨੀ ਬੇਅਰਸਟੋ ਨੇ 22 ਗੇਂਦਾਂ ਵਿਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਇਸੇ ਤਰ੍ਹਾਂ ਸੂਰੀਆ ਕੁਮਾਰ ਨੇ 33, ਤਿਲਕ ਵਰਮਾ ਨੇ 25, ਨਮਨ ਧੀਰ ਨੇ 22 ਦੌੜਾਂ ਬਣਾਈਆਂ। ਹਾਰਦਿਕ ਪੰਡਿਆ 22 ਅਤੇ ਮਿਚੇਲ ਸੇਂਟਨਰ ਬਿਨਾਂ ਕੋਈ ਦੌੜ ਬਣਾਏ ਨਾਬਾਦ ਰਹੇ। ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਵਿੱਚੋਂ ਪ੍ਰਸਿੱਧ ਕ੍ਰਿਸ਼ਨਾ, ਸਾਈ ਕਿਸ਼ੋਰ ਨੇ ਦੋ-ਦੋ ਵਿਕਟਾਂ ਅਤੇ ਮੁਹੰਮਦ ਸਿਰਾਜ ਨੇ ਇੱਕ ਵਿਕਟ ਹਾਸਿਲ ਕੀਤੀ।
ਗੁਜਰਾਤ ਦੀ ਟੀਮ ਦਾ ਕਪਤਾਨ ਸ਼ੁਭਮਨ ਗਿੱਲ ਪਹਿਲੇ ਓਵਰ ਵਿਚ ਹੀ ਇੱਕ ਦੌੜ ਬਣਾ ਕੇ ਆਊਟ ਹੋ ਗਿਆ। ਕੁਸ਼ਲ ਮੈਂਡਿਸ ਨੇ 20, ਵਾਸਿੰਗਟਨ ਸੁੰਦਰ ਨੇ 48, ਸਾਈ ਸੁਦਰਰਸ਼ਨ ਨੇ 49 ਗੇਂਦਾਂ ਵਿਚ 10 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਸਰਫ਼ੇਨ ਰੁਦਰਫੋਰਡ ਨੇ 24, ਸਾਹਰੁਖ ਖਾਨ ਨੇ 13 ਦੌੜਾਂ ਬਣਾਈਆਂ। ਰਾਹੁਲ ਤੇਵਤੀਆ 16 ਅਤੇ ਰਾਸ਼ਿਦ ਖਾਨ ਬਿਨਾਂ ਕੋਈ ਦੌੜ ਬਣਾਏ ਨਾਬਾਦ ਰਹੇ। ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਵਿਚ ਟਰੈਂਟ ਬੋਲਟ ਨੇ ਦੋ ਅਤੇ ਰਿਚਰਡ ਗਲੀਸ਼ਨ, ਮਿਸ਼ੇਲ ਸੇਟਨਰ, ਜਸਪ੍ਰੀਤ ਬੁਮਰਾਹ, ਅਸ਼ਵਨੀ ਕੁਮਾਰ ਨੇ ਇੱਕ-ਇੱਕ ਵਿਕਟ ਲਈ।
ਸਾਈ ਸੁਦਰਸ਼ਨ ਹੁਣ ਤੱਕ ਦਾ ਟਾਪ ਸਕੋਰਰ
ਆਈਪੀਐੱਲ ਦੇ ਹੁਣ ਤੱਕ ਹੋ ਚੁੱਕੇ ਮੁਕਾਬਲਿਆਂ ਵਿਚ ਗੁਜਰਾਤ ਟਾਈਟਨਜ਼ ਦਾ ਬੱਲੇਬਾਜ਼ ਸਾਈ ਸੁਦਰਸ਼ਨ 759 ਦੌੜਾਂ ਬਣਾ ਕੇ ਟਾਪ ਸਕੋਰਰ ਬਣਿਆ ਹੋਇਆ ਹੈ। ਉਸ ਨੇ ਅੱਜ ਵੀ ਸ਼ਾਨਦਾਰ ਪਾਰੀ ਖੇਡਦਿਆਂ 81 ਦੌੜਾਂ ਬਣਾਈਆਂ, ਜਦੋਂ ਕਿ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦਾ ਅੱਜ ਬੱਲਾ ਨਹੀਂ ਚੱਲ ਸਕਿਆ। ਰੋਹਿਤ ਸ਼ਰਮਾ ਦੇ ਵੱਡੀ ਗਿਣਤੀ ਵਿਚ ਪ੍ਰਸੰਸ਼ਕ ਸਟੇਡੀਅਮ ਵਿਚ ਉਸ ਦੇ ਨਾਮ ਅਤੇ 45 ਨੰਬਰ ਵਾਲੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ ਹੋਏ ਸਨ।