ਆਈਪੀਐੱਲ: ਦਿੱਲੀ ਨੇ ਗੁਜਰਾਤ ਨੂੰ 6 ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ, 17 ਅਪਰੈਲ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਅੱਜ ਮੇਜ਼ਬਾਨ ਗੁਜਰਾਤ ਟਾਈਟਨਜ਼ ਨੂੰ ਆਈਪੀਐੱਲ ਦੇ ਮੁਕਾਬਲੇ ਵਿਚ 6 ਵਿਕਟਾਂ ਨਾਲ ਹਰਾ ਦਿੱਤਾ।
ਕੈਪੀਟਲਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲੈਂਦਿਆਂ ਗੁਜਰਾਤ ਦੀ ਟੀਮ ਨੂੰ 17.3 ਓਵਰਾਂ ਵਿਚ 89 ਦੌੜਾਂ ’ਤੇ ਆਊਟ ਕਰ ਦਿੱਤਾ। ਦਿੱਲੀ ਲਈ ਮੁਕੇਸ਼ ਕੁਮਾਰ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਕੁਮਾਰ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਹੋਰਨਾਂ ਗੇਂਦਬਾਜ਼ਾਂ ਵਿਚੋਂ ਇਸ਼ਾਂਤ ਸ਼ਰਮਾ ਨੇ 8 ਦੌੜਾਂ ਬਦਲੇ 2 ਤੇ ਟ੍ਰਿਸਟਨ ਸਟੱਬਜ਼ ਨੇ 11 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਗੁਜਰਾਤ ਟਾਈਟਨਜ਼ ਲਈ ਰਾਸ਼ਿਦ ਖ਼ਾਨ ਹੀ 24 ਗੇਂਦਾਂ ’ਤੇ 31 ਦੌੜਾਂ ਨਾਲ ਸਰਵੋਤਮ ਸਕੋਰਰ ਰਿਹਾ। ਦਿੱਲੀ ਦੀ ਟੀਮ ਨੇ ਜੇਤੂ ਟੀਚਾ ਮਹਿਜ਼ 8.5 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਦਿੱਲੀ ਲਈ ਜੇ.ਫਰੇਜ਼ਰ ਮੈਕਗੁਰਕ ਨੇ 20, ਏ.ਪੋਰੇਲ ਨੇ 15, ਐੱਸ.ਹੋਪ ਨੇ 19, ਕਪਤਾਨ ਰਿਸ਼ਭ ਪੰਤ ਨੇ ਨਾਬਾਦ 16 ਤੇ ਐੱਸ.ਕੁਮਾਰ ਨੇ ਨਾਬਾਦ 9 ਦੌੜਾਂ ਬਣਾਈਆਂ। ਗੁਜਰਾਤ ਲਈ ਐੱਸ. ਵਾਰੀਅਰ ਨੇ 2 ਵਿਕਟਾਂ ਲਈਆਂ ਤੇ ਇਕ ਇਕ ਵਿਕਟ ਐੱਸ.ਜੌਹਨਸਨ ਤੇ ਰਾਸ਼ਿਦ ਖ਼ਾਨ ਦੇ ਹਿੱਸੇ ਆਈ। -ਏਜੰਸੀ
ਧੀਮੀ ਓਵਰ ਗਤੀ ਲਈ ਅਈਅਰ ਨੂੰ 12 ਲੱਖ ਰੁਪਏ ਜੁਰਮਾਨਾ
ਕੋਲਕਾਤਾ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਹੌਲੀ ਓਵਰ ਗਤੀ ਲਈ ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਨੇ ਇੱਕ ਬਿਆਨ ਵਿੱਚ ਕਿਹਾ, ‘‘ਆਈਪੀਐੱਲ ’ਚ ਘੱਟੋ-ਘੱਟੋ ਓਵਰ ਗਤੀ ਨਾਲ ਸਬੰਧਤ ਜ਼ਾਬਤੇ ਤਹਿਤ ਇਹ ਉਸ (ਸ਼੍ਰੇਅਸ ਅਈਅਰ) ਦੀ ਟੀਮ ਦੀ ਇਸ ਸੀਜ਼ਨ ਦੀ ਪਹਿਲੀ ਗਲਤੀ ਸੀ, ਜਿਸ ਕਰਕੇ ਅਈਅਰ ਨੂੰ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ।’’ -ਪੀਟੀਆਈ