ਆਈ ਫੋਨ
ਬਾਲ ਕਹਾਣੀ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਗੋਪੀ ਦੇ ਦੋਵੇਂ ਬੱਚੇ ਸ਼ਹਿਰ ਦੇ ਵਧੀਆ ਸਕੂਲ ਵਿਚ ਪੜ੍ਹਦੇ ਸਨ। ਮੁੰਡੇ ਦਾ ਨਾਂ ਸੀ ਦੀਪੂ ਅਤੇ ਕੁੜੀ ਦਾ ਨਾਂ ਦੀਪੀ। ਇਕ ਦਨਿ ਜਦੋਂ ਉਹ ਸਕੂਲੋਂ ਘਰ ਆਏ ਤਾਂ ਉਨ੍ਹਾਂ ਦੇ ਚਿਹਰੇ ਖਿੜੇ ਹੋਏ ਸਨ। ਗੋਪੀ ਉਦੋਂ ਘਰ ਅੱਗੇ ਲਗਾਏ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। ਬੱਚੇ ਬੱਘੀ ਵਿਚੋਂ ਉਤਰਦੇ ਸਾਰ ਭੱਜ ਕੇ ਗੋਪੀ ਕੋਲ ਆਏ। ਦੋਹਾਂ ਦੇ ਹੱਥਾਂ ਵਿਚ ਪੇਪਰ ਫੜੇ ਹੋਏ ਸਨ। ਦੀਪੀ ਨੇ ਪੇਪਰ ਗੋਪੀ ਨੂੰ ਦਿਖਾਉਂਦਿਆਂ ਕਿਹਾ,‘‘ਪਾਪਾ! ਆਹ ਦੇਖੋ ਮੇਰੇ ਅੰਗਰੇਜ਼ੀ ‘ਚੋਂ ਸੌ ਵਿਚੋਂ ਸਤਾਨਵੇਂ ਨੰਬਰ ਆਏ ਹਨ ਅਤੇ ਮੈਨੂੰ ਏ ਸਟਾਰ ਮਿਲਿਆ ਏ। ਗੋਪੀ ਨੇ ਪਿਆਰ ਨਾਲ ਦੀਪੀ ਦੇ ਸਿਰ ’ਤੇ ਹੱਥ ਰੱਖਦਿਆਂ ਕਿਹਾ,‘‘ਸ਼ਾਬਾਸ਼! ਬੇਟਾ, ਮਿਹਨਤ ਕਰਨੀ ਨਾ ਛੱਡੀਂ। ਤੂੰ ਕਲਾਸ ਵਿਚੋਂ ਫਸਟ ਵੀ ਆ ਸਕਦੀ ਏਂ।”
“ਪਰ ਪਾਪਾ! ਬੱਚੇ ਤਾਂ ਗੂਗਲ ਤੋਂ ਦੇਖ ਕੇ ਹੋਮ ਵਰਕ ਕਰਦੇ ਹਨ। ਮੈਨੂੰ ਵੀ ਕਦੀ ਕਦੀ ਹੋਮ ਵਰਕ ਕਰਨ ਵਿਚ ਔਖ ਮਹਿਸੂਸ ਹੁੰਦੀ ਹੈ।” ਦੀਪੀ ਨੇ ਕਿਹਾ। “ਗੂਗਲ ਤਾਂ ਆਈ ਫੋਨ ਦੀ ਐਪ ਹੋਣੀ ਆਂ।” ਗੋਪੀ ਨੇ ਮਨੋ ਮਨ ਸੋਚਿਆ। ਆਪ ਤਾਂ ਗੋਪੀ ਬਹੁਤਾ ਪੜ੍ਹਿਆ ਨਹੀਂ ਸੀ, ਪਰ ਆਪਣੇ ਬੱਚਿਆਂ ਨੂੰ ਉਹ ਉੱਚੇ ਮੁਕਾਮ ’ਤੇ ਦੇਖਣਾ ਚਾਹੁੰਦਾ ਸੀ। ਉਸ ਦੀ ਪਤਨੀ ਰਾਣੀ ਵੀ ਪੜ੍ਹੀ ਲਿਖੀ ਨਹੀਂ ਸੀ। ਦੋਵੇਂ ਰਲ ਕੇ ਸਬਜ਼ੀ ਦੀ ਦੁਕਾਨ ਕਰਦੇ ਸਨ। ਦੀਪੀ ਅੱਠਵੀਂ ਵਿਚ ਅਤੇ ਦੀਪੂ ਅਜੇ ਪਹਿਲੀ ਕਲਾਸ ਵਿਚ ਪੜ੍ਹਦਾ ਸੀ। ਦੀਪੀ ਹੀ ਦੀਪੂ ਨੂੰ ਹੋਮ ਵਰਕ ਕਰਾਉਂਦੀ ਸੀ। ਮੰਮੀ ਘਰੇ ਨਾ ਹੁੰਦੀ ਤਾਂ ਉਸਦੇ ਖਾਣ ਪੀਣ ਦਾ ਧਿਆਨ ਵੀ ਰੱਖਦੀ। ਦੋਵੇਂ ਰਲ ਕੇ ਗੱਲਾਂ ਕਰਦੇ। ਹੱਸਦੇ ਖੇਡਦੇ। ਸਕੂਲ ਵਿਚ ਵੀ ਦੀਪੀ ਆਪਣੇ ਭਰਾ ਦਾ ਪੂਰਾ ਖਿਆਲ ਰੱਖਦੀ ਸੀ। ਫੇਰ ਇਕ ਦਨਿ ਜਦੋਂ ਦੀਪੀ ਅਤੇ ਦੀਪਾ ਸਕੂਲੋਂ ਘਰ ਆਏ। ਉਨ੍ਹਾਂ ਨੇ ਮੇਜ਼ ’ਤੇ ਸੁੰਦਰ ਕਾਗਜ਼ ਵਿਚ ਲਪੇਟਿਆ ਇਕ ਡੱਬਾ ਪਿਆ ਦੇਖਿਆ। ਡੱਬੇ ’ਤੇ ਲੱਗੀ ਸਲਿੱਪ ’ਤੇ ਲਿਖਿਆ ਸੀ-ਪਾਪਾ ਵੱਲੋਂ ਆਪਣੀ ਲਾਡਲੀ ਦੀਪੀ ਲਈ। ਦੀਪੀ ਨੇ ਪਾਪਾ ਨੂੰ ਆਵਾਜ਼ ਮਾਰੀ। ਪਾਪਾ ਦੇ ਆਉਣ ’ਤੇ ਉਹ ਬੋਲੀ,‘‘ਪਾਪਾ ਇਹ ਕੀ?”
“ਖੋਲ੍ਹ ਕੇ ਦੇਖ ਪੁੱਤ।” ਗੋਪੀ ਬੋਲਿਆ।
ਦੀਪੀ ਤੇ ਦੀਪੂ ਨੇ ਫਟਾਫਟ ਪੈਕਟ ਖੋਲ੍ਹ ਲਿਆ। ਡੱਬੇ ਵਿਚੋਂ ਆਈ ਫੋਨ ਨਿਕਲਿਆ। ਦੀਪੀ ਦੇਖ ਕੇ ਦੰਗ ਰਹਿ ਗਈ। ਉਸ ਦੇ ਚਿਹਰੇ ’ਤੇ ਖ਼ੁਸ਼ੀ ਝਲਕ ਰਹੀ ਸੀ। “ਹੁਣ ਮੇਰੇ ਪੁੱਤ ਨੂੰ ਗੂਗਲ ਮਿਲ ਜਾਵੇਗੀ ਅਤੇ ਕੋਈ ਔਖ ਵੀ ਨਹੀਂ ਆਵੇਗੀ।” ਗੋਪੀ ਬੋਲਿਆ। ਦੀਪੀ ਸਿਰਫ਼ ਮੁਸਕਰਾਈ। “ਫੋਨ ਦੀਪੀ ਦਾ ’ਕੱਲੀ ਦਾ ਨ੍ਹੀਂ, ਸਾਡਾ ਦੋਹਾਂ ਦਾ ਹੈ।” ਦੀਪਾ ਬੋਲਿਆ। “ਹਾਂ ਪੁੱਤ ਦੋਹਾਂ ਦਾ ਹੈ।” ਗੋਪੀ ਨੇ ਕਿਹਾ।
ਦਨਿਾਂ ਵਿਚ ਦੀਪੀ ਆਈ ਫੋਨ ਚਲਾਉਣਾ ਸਿੱਖ ਗਈ ਸੀ। ਵੱਟਸਐਪ, ਗੂਗਲ, ਯੂ-ਟਿਊਬ, ਪਤਾ ਨਹੀਂ ਕੀ ਕੀ ਦੀਪੀ ਨੂੰ ਵਰਤਣੇ ਆ ਗਏ। ਘਰ ਆ ਕੇ ਜਿੰਨਾ ਸਮਾਂ ਦੀਪੀ ਆਪਣੇ ਭਰਾ ਨੂੰ ਹੋਮ ਵਰਕ ਕਰਾਉਂਦੀ ਸੀ, ਉਹ ਸਮਾਂ ਹੁਣ ਸਹੇਲੀਆਂ ਦੀਆਂ ਪੋਸਟਾਂ ਅਤੇ ਵੀਡੀਓ ਦੇਖਣ ’ਤੇ ਲੱਗ ਜਾਂਦਾ। ਕਿਸੇ ਕਿਸੇ ਵੀਡੀਓ ’ਤੇ ਤਾਂ ਦੀਪੀ ਚੋਰੀ ਚੋਰੀ ਡਾਂਸ ਵੀ ਕਰਦੀ ਹੁੰਦੀ ਸੀ। ਹੁਣ ਦੀਪੇ ਨੂੰ ਜਦੋਂ ਕੰਮ ਕਰਾਉਣਾ ਪੈਂਦਾ, ਉਦੋਂ ਉਹ ਖਿੱਝ ਜਾਂਦੀ। ਉਸ ਨੂੰ ਖਾਣਾ ਖੁਆਉਣ ਸਮੇਂ ਗੁੱਸੇ ਵਿਚ ਪਲੇਟ ਵਗਾਹ ਮਾਰਦੀ। ਕਹਿੰਦੀ,‘‘ਆਪਣੇ ਹੱਥਾਂ ਨਾਲ ਖਾਹ।”
ਸਵੇਰੇ ਜਦੋਂ ਸਕੂਲ ਜਾਂਦੀ, ਬਹੁਤੀ ਵਾਰੀ ਮੋਬਾਈਲ ਦੇਖਦੀ ਦੇਖਦੀ ਪਾਪਾ ਕੋਲੋਂ ਲੰਘ ਜਾਂਦੀ। ਪਾਪਾ ਨੂੰ ਮਿਲਦੀ ਤਕ ਨਾ। ਦਨਿ ਲੰਘਦੇ ਗਏ। ਤਿਮਾਹੀ ਪੇਪਰ ਆ ਗਏ। ਪੇਪਰ ਹੋਏ ਅਤੇ ਮਾਰਕ ਹੋਣ ਉਪਰੰਤ ਬੱਚਿਆਂ ਨੂੰ ਮਿਲਣੇ ਵੀ ਸ਼ੁਰੂ ਹੋ ਗਏ। ਅੱਜ ਦੀਪੀ ਨੂੰ ਅੰਗਰੇਜ਼ੀ ਦਾ ਅਤੇ ਦੀਪੂ ਨੂੰ ਗਣਿਤ ਦਾ ਪੇਪਰ ਮਿਲਿਆ। ਦੀਪੀ ਦੇ ਸੌ ’ਚੋ ਸੰਤਾਲੀ ਅਤੇ ਦੀਪੇ ਦੇ ਪੰਜਾਹ ’ਚੋਂ ਤੇਈ ਨੰਬਰ ਆਏ ਸਨ। ਸਤਾਨਵੇਂ ਨੰਬਰ ਲੈਣ ਵਾਲੀ ਦੀਪੀ ਸੰਤਾਲੀ ’ਤੇ ਆ ਗਈ। ਹੁਣ ਉਹ ਕਿਹੜੇ ਮੂੰਹ ਨਾਲ ਪਾਪਾ ਦਾ ਸਾਹਮਣਾ ਕਰਦੀ। ਦੀਪਾ ਵੀ ਪੜ੍ਹਾਈ ਵਿਚ ਕਮਜ਼ੋਰ ਹੋ ਗਿਆ ਸੀ। ਉਸ ਦੇ ਮਨ ਅੰਦਰੋਂ ਇਕੋ ਸਮੇਂ ਕਿੰਨੇ ਹੀ ਸਵਾਲ ਉੱਭਰੇ:
“ਪੜ੍ਹਦੀ ਤਾਂ ਮੈਂ ਪਹਿਲਾਂ ਜਿੰਨਾ ਹੀ ਸਾਂ।”
ਉਸ ਨੂੰ ਚੇਤੇ ਆਇਆ ਕਿ ਉਸ ਦੀ ਇਕ ਸਹੇਲੀ ਕਹਿ ਰਹੀ ਸੀ- ਨੀਂ ਅੱਜ ਕੱਲ੍ਹ ਤਾਂ ਸਬਜ਼ੀ ਵਾਲੇ ਦੀ ਕੁੜੀ ਵੀ ਆਈ ਫੋਨ ਲਈ ਫਿਰਦੀ ਆ। ਇਹ ਨਾ ਹੁਣ ਅੱਗੇ ਵਧ ਗਈ। ਸਕੂਲ ਵਿਚ ਅਖੀਰਲਾ ਪੀਰੀਅਡ ਖਾਲੀ ਸੀ। ਉਹ ਕਮਰੇ ਵਿਚ ਇਕ ਪਾਸੇ ਬੈਂਚ ’ਤੇ ਬੈਠੀ ਇਸ ਬਾਰੇ ਹੀ ਸੋਚੀ ਗਈ। ਫੇਰ ਉਸ ਦੇ ਮਨ ਵਿਚ ਆਇਆ ਕਿ ਮੈਡਮ ਠੀਕ ਹੀ ਕਹਿੰਦੇ ਸਨ ਕਿ ਅੱਧ ਤੋਂ ਵੱਧ ਕਲਾਸ ਦੇ ਬੱਚੇ ਮੋਬਾਈਲ ਨੇ ਵਿਗਾੜੇ ਹੋਏ ਹਨ। ਹੌਲੀ ਹੌਲੀ ਦੀਪੀ ਨੂੰ ਮੈਡਮ ਦੇ ਕਹੇ ਬੋਲਾਂ ਦੇ ਅਰਥ ਸਮਝ ਆਉਣ ਲੱਗੇ। ਉਸ ਦੇ ਅੰਦਰੋਂ ਆਵਾਜ਼ ਆਈ, “ਮੈਂ ਹੁਣ ਪੜ੍ਹਾਈ ਨੂੰ ਸਮਾਂ ਹੀ ਕਿੰਨਾ ਕੁ ਦਿੰਦੀ ਹਾਂ?
ਦੀਪੂ ਦੇ ਘੱਟ ਨੰਬਰ ਵੀ ਮੇਰੇ ਕਰਕੇ ਹੀ ਆਏ ਹਨ। ਪਾਪਾ ਨੂੰ ਕੀ ਪਤਾ ਕਿ ਗੂਗਲ, ਮਿਹਨਤ ਦਾ ਬਦਲ ਨਹੀਂ ਹੋ ਸਕਦੀ?” ਉਹ ਆਪਣੇ ਮਨ ਨਾਲ ਗੱਲਾਂ ਲੱਗੀ ਰਹੀ। “ਮੇਰੇ ਅੱਧੇ ਬੋਲ ’ਤੇ ਪਾਪਾ ਨੇ ਮੈਨੂੰ ਆਈ ਫੋਨ ਲੈ ਦਿੱਤਾ। ਉਨ੍ਹਾਂ ਨੂੰ ਕੀ ਪਤਾ ਕਿ ਦੀਪੀ ਨੇ ਕਦੀ ਗੂਗਲ ਦੀ ਐਪ ਖੋਲ੍ਹ ਕੇ ਵੀ ਨਹੀਂ ਦੇਖੀ। ਹੋਮ ਵਰਕ ਕਰਨਾ ਤਾਂ ਦੂਰ ਦੀ ਗੱਲ। ਆਪਣੇ ਪਾਪਾ ਨਾਲ ਮੈਂ ਧੋਖਾ ਕਰ ਰਹੀ ਹਾਂ।”
ਦੀਪੀ ਨੇ ਆਪਣੇ ਬੈਗ ਦੀ ਅੰਦਰਲੀ ਜੇਬ ਵਿਚੋਂ ਆਈ ਫੋਨ ਕੱਢ ਕੇ ਉੱਪਰਲੀ ਜੇਬ ਵਿਚ ਰੱਖ ਲਿਆ। ਐਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ। ਦੀਪੂ ਵੀ ਉਸ ਕੋਲ ਆ ਗਿਆ। ਉਹ ਬੱਘੀ ਵਿਚ ਬੈਠ ਗਏ। ਥੋੜ੍ਹੇ ਸਮੇਂ ਵਿਚ ਹੀ ਬੱਘੀ ਉਨ੍ਹਾਂ ਦੇ ਘਰ ਕੋਲ ਆ ਕੇ ਰੁਕ ਗਈ। ਦੀਪੀ ਉਦਾਸ ਮਨ ਨਾਲ ਤੁਰ ਪਈ। ਪਾਪਾ ਬੱਚਿਆਂ ਨੂੰ ਉਡੀਕ ਰਹੇ ਸਨ। ਪਾਪਾ ਕੋਲ ਪਹੁੰਚਦੇ ਸਾਰ ਦੀਪੀ ਬੋਲੀ,‘‘ਪਾਪਾ, ਹੱਥ ਖੋਲ੍ਹੋ ਅਤੇ ਅੱਖਾਂ ਮੀਚੋ, ਤੁਹਾਨੂੰ ਇਕ ਚੀਜ਼ ਦੇਣੀ ਆ।” ਗੋਪੀ ਨੇ ਅੱਖਾਂ ਮੀਟ ਲਈਆਂ ਅਤੇ ਹੱਥ ਖੋਲ੍ਹ ਕੇ ਦੀਪੀ ਅੱਗੇ ਖਲੋ ਗਿਆ। ਦੀਪੀ ਨੇ ਬੈਗ ਵਿਚੋਂ ਆਈ ਫੋਨ ਕੱਢਿਆ ਅਤੇ ਪਾਪਾ ਦੇ ਹੱਥ ’ਤੇ ਰੱਖਦੀ ਬੋਲੀ,‘‘ਹੁਣ ਮੈਨੂੰ ਇਸ ਦੀ ਜ਼ਰੂਰਤ ਨਹੀਂ। ਹੋਰਾਂ ਬੱਚਿਆਂ ਪਿੱਛੇ ਲੱਗ ਕੇ ਗੂਗਲ ਦੀ ਝਾਕ ਵਿਚ ਮੈਂ ਮਿਹਨਤ ਕਰਨੀ ਛੱਡ ਦਿੱਤੀ ਸੀ। ਮੇਰੇ ਅੰਗਰੇਜ਼ੀ ਵਿਚ ਸੰਤਾਲੀ ਨੰਬਰ ਆਏ ਹਨ। ਪਹਿਲਾਂ ਸਤਾਨਵੇਂ ਸਨ। ਦੀਪੂ ਦੇ ਹੁਣ ਤੇਈ ਨੰਬਰ ਨੇ ਪਹਿਲਾਂ ਚੌਂਤੀ ਸਨ। ਅਸੀਂ ਉੱਪਰ ਜਾਣ ਦੀ ਬਜਾਏ ਥੱਲੇ ਨੂੰ ਆਏ ਹਾਂ। ਮੈਨੂੰ ਸ਼ਰਮ ਆ ਰਹੀ ਹੈ ਪਾਪਾ। ਆਪਣੀ ਮਿਹਨਤ ਅਤੇ ਲਗਨ ਤੋਂ ਉੱਪਰ ਕੋਈ ਐਪ ਨਹੀਂ ਹੁੰਦੀ। ਇਹ ਸਭ ਵਿਹਲੜਾਂ ਲਈ ਨੇ, ਪੜ੍ਹਾਈ ਕਰਨ ਵਾਲਿਆਂ ਲਈ ਨਹੀਂ।”
ਡੱਬੇ ਵਿਚ ਆਈ ਫੋਨ ਸਾਂਭਦਿਆਂ ਗੋਪੀ ਬੋਲਿਆ,‘‘ਅਹਿਸਾਸ ਹੀ ਬੰਦੇ ਨੂੰ ਅਗਾਂਹ ਤੋਰਦਾ ਹੈ। ਆਪਣਾ ਸੱਚ ਤੇ ਝੂਠ ਸਾਡੀ ਆਤਮਾ ਨੂੰ ਪਤਾ ਹੁੰਦਾ ਹੈ।”
ਗੋਪੀ ਅਤੇ ਉਸਦੀ ਪਤਨੀ ਕਈ ਦਨਿਾਂ ਤੋਂ ਦੀਪੀ ਦੇ ਬਦਲੇ ਸੁਭਾਅ ਕਾਰਨ ਅੰਦਰੋਂ ਅੰਦਰੀਂ ਦੁਖੀ ਸਨ। ਅੱਜ ਦੀਪੀ ਨੇ ਆਈ ਫੋਨ ਵਾਪਸ ਕਰਕੇ ਆਪਣੇ ਪਾਪਾ ਦੇ ਮਨ ਤੋਂ ਬੋਝ ਉਤਾਰ ਦਿੱਤਾ ਸੀ।
ਸੰਪਰਕ : 97806-67686