ਸ਼ਹੀਦੀ ਜੋੜ ਮੇਲ ਵਿੱਚ ਪੰਜਾਬੀ ਨਾਲ ਜੁੜਨ ਦਾ ਸੱਦਾ
ਲਖਵਿੰਦਰ ਸਿੰਘ ਰਈਆ
ਗ੍ਰਿਫਥ: (ਆਸਟਰੇਲੀਆ) ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਿਫਥ ਦੇ ਪੰਜਾਬੀਆਂ ਵੱਲੋਂ 26ਵਾਂ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਕਰਵਾਇਆ ਗਿਆ। ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਕਥਾ, ਕੀਰਤਨ ਤੋਂ ਇਲਾਵਾ ਢਾਡੀ/ਕਵੀਸ਼ਰੀ ਜਥਿਆਂ ਵੱਲੋਂ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਫਿਰ ਕਬੱਡੀ, ਫੁੱਟਬਾਲ ਤੇ ਵਾਲੀਬਾਲ ਦੇ ਖੇਡ ਮੁਕਾਬਲਿਆਂ ਦੇ ਨਾਲ ਨਾਲ ਰੱਸਾਕਸ਼ੀ ਤੇ ਮਹਿਲਾ ਕੁਰਸੀ ਦੌੜ ਦੇ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ।
ਇਸ ਜੋੜ ਮੇਲ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਣ ਅਤੇ ਖੇਡ ਮੇਲੇ ਦਾ ਆਨੰਦ ਮਾਣਨ ਲਈ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਲਈ ਬਹੁਤ ਸਾਰੀਆਂ ਸੇਵਾ ਸੰਸਥਾਵਾਂ ਵੱਲੋਂ ਵੱਖ ਵੱਖ ਖਾਧ ਪਦਾਰਥਾਂ ਦੇ ਰੂਪ ਵਿੱਚ ਗੁਰੂ ਦੇ ਅਟੁੱਟ ਲੰਗਰ ਵਰਤਾਉਣ ਦੀ ਸੇਵਾ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਗਿਆ। ਦਸਤਾਰਾਂ ਸਜਾਉਣ ਦੇ ਟਰੇਨਿੰਗ ਕੈਂਪ, ਪੈਂਤੀ (ਗੁਰਮੁਖੀ/ਪੰਜਾਬੀ) ਦੇ ਅੱਖਰਾਂ ਦੀ ਜਾਣ ਪਛਾਣ ਕਰਵਾਉਣ ਅਤੇ ਗੁਰਬਾਣੀ ਬੋਧ/ਸਿੱਖ ਇਤਿਹਾਸ ਸਬੰਧਤ ਪ੍ਰਸ਼ਨੋਤਰੀ ਮੁਕਾਬਲਿਆਂ ਰਾਹੀਂ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਸਤਿਕਾਰ ਪੈਦਾ ਕਰਨ ਦੇ ਉਪਰਾਲੇ ਇਸ ਜੋੜ ਮੇਲ ਦੀ ਸ਼ੋਭਾ ਬਣੇ।
ਇਸ ਦੌਰਾਨ ਇੱਥੇ ਸਿੱਖ ਰਾਜ ਦੀਆਂ ਵਿਰਾਸਤੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਅਤੇ ਗੱਤਕਾ ਦਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬੀ ਵਸਤਾਂ ਦੀ ਵਿਕਰੀ ਲਈ ਲੱਗੇ ਬਾਜ਼ਾਰ ’ਤੇ ਪੰਜਾਬੀ ਭਾਈਚਾਰੇ ਦੇ ਨਾਲ ਹੋਰ ਭਾਈਚਾਰੇ ਦੇ ਲੋਕਾਂ ਵੱਲੋਂ ਪੰਜਾਬੀ ਵਸਤਾਂ ਦੀ ਖ਼ਰੀਦੋ ਫਰੋਖ਼ਤ ਵਿੱਚ ਭਾਰੀ ਦਿਲਚਸਪੀ ਦਿਖਾਈ ਗਈ। ਇੱਥੇ ਕਿਤਾਬਾਂ ਦੇ ਵੱਖ ਵੱਖ ਸਟਾਲ ਵੀ ਲਗਾਏ ਹੋਏ ਸਨ।
ਇਸ ਖੇਤਰ ਦੇ ਸ਼ਹਿਰ ਗ੍ਰਿਫਥ ਨੂੰ ਖ਼ੁਦ ਸਥਾਨਕ ਕੌਂਸਲ ਵੱਲੋਂ ਨੀਲਿਆਂ/ਕੇਸਰੀ ਝੰਡਿਆਂ ਨਾਲ ਸਜਾਇਆ ਹੋਇਆ ਸੀ ਜਿਨ੍ਹਾਂ ’ਤੇ ‘ਜੀ ਆਇਆਂ ਨੂੰ’ ਅਤੇ ‘ਸ਼ਹੀਦੀ ਟੂਰਨਾਮੈਂਟ ਗ੍ਰਿਫਥ’ ਦੀ ਪੰਜਾਬੀ ਵਿੱਚ ਲਿਖੀ ਇਬਾਰਤ ਦੀ ਝਲਕ ਹਰ ਆਉਣ ਵਾਲੇ ਪੰਜਾਬੀ ਦਾ ਦਿਲੀ ਸੁਆਗਤ ਕਰਦੀ ਹੋਈ ਪ੍ਰਤੀਤ ਹੁੰਦੀ ਸੀ। ਪੰਜਾਬੀਅਤ ਦਾ ਇਹ ਝਲਕਾਰਾ ਪੰਜਾਬੀ ਮਾਂ ਬੋਲੀ ਦੇ ਮਾਣ ਵਿੱਚ ਅਥਾਹ ਵਾਧਾ ਕਰਨ ਦਾ ਸਬੱਬ ਬਣ ਰਿਹਾ ਸੀ। ਇਸ ਜੋੜ ਮੇਲ ਦੀ ਵਿਸ਼ੇਸ਼ ਮਹਾਨਤਾ ਕਰਕੇ ਖੇਡ ਮੈਦਾਨ ਤੇ ਇਸ ਦਾ ਬਹੁਤਾ ਪ੍ਰਬੰਧ ਗ੍ਰਿਫਥ ਸ਼ਹਿਰ ਦੀ ਕੌਂਸਲ ਵੱਲੋਂ ਖ਼ੁਦ ਸੇਵਾ ਭਾਵਨਾ ਵਜੋਂ ਹੀ ਕੀਤਾ ਜਾਂਦਾ ਹੈ। ਕੌਂਸਲ ਵੱਲੋਂ ਗੁਰੂ ਘਰ ਨੂੰ ਭੇਟਾ ਵਜੋਂ ਇੱਕ ਵੱਡੀ ਰਕਮ ਦੇ ਕੇ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਮੇਲੇ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਤੋਂ ਖੇਡ ਮੈਦਾਨ ਤੱਕ ਮੁਫ਼ਤ ਬੱਸ ਸਰਵਿਸ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਸੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਤੇ ਖ਼ਾਸ ਕਰਕੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਜੋੜ ਮੇਲ ਦੀ ਪ੍ਰਬੰਧਨ ਕਮੇਟੀ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਨਿੱਝਰ ਦੀ ਸਮੁੱਚੀ ਟੀਮ ਦੀ ਅਣਥੱਕ ਸੇਵਾ ਦੇ ਨਤੀਜੇ ਵਜੋਂ ਇਹ ਜੋੜ ਮੇਲ ਸੰਗਤਾਂ ’ਤੇ ਗਹਿਰਾ ਪ੍ਰਭਾਵ ਛੱਡ ਗਿਆ।
ਸੰਪਰਕ: 61430204832