ਸਿਹਤ ਵਿਭਾਗ ਦੀਆਂ ਜਥੇਬੰਦੀਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਸੱਦਾ
ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਅਕਤੂਬਰ
ਸਿਹਤ ਵਿਭਾਗ ਦੀਆਂ ਪ੍ਰਮੁੱਖ ਜਥੇਬੰਦੀਆਂ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ, ਮਲਟੀਪਰਪਜ ਹੈਲਥ ਸੁਪਰਵਾਈਜ਼ਰ ਯੂਨੀਅਨ, ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਏਐਨਐਮ, ਐਲਐਚਵੀ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ।
ਇਸ ਸਮੇਂ ਮੌਜੂਦ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਅਸ਼ੋਕ ਕੁਮਾਰ ਸ਼ਰਮਾ, ਨਿਰਮਲ ਸਿੰਘ ਚੰਡੇ, ਵਰਿੰਦਰ ਸਿੰਘ ਡੀਪੀਓ, ਹਰਦੀਪ ਸਿੰਘ ਮੈਡੀਕਲ ਕਾਲਜ, ਬਲਦੇਵ ਸਿੰਘ ਝੰਡੇਰ, ਰਣਜੋਧ ਸਿੰਘ ਸੰਘਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਸੀ ਪਰ ਇੱਕ ਵੀ ਮੰਗ ਨੂੰ ਠੀਕ ਤਰੀਕੇ ਨਾਲ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਚੇਤੇ ਕਰਵਾਇਆ ਕਿ ਪੁਰਾਣੀ ਪੈਨਸ਼ਨ ਬਹਾਲੀ, ਕੇਂਦਰ ਅਤੇ ਗੁਆਂਢੀ ਸੂਬਿਆਂ ਦੇ ਮੁਲਾਜ਼ਮਾਂ ਤੋਂ ਪੰਦਰਾਂ ਫ਼ੀਸਦੀ ਘੱਟ ਡੀਏ, ਪਿਛਲੇ ਸਮੇਂ ਦੇ ਡੀਏ ਅਤੇ ਤਨਖ਼ਾਹ ਦਾ ਬਕਾਇਆ, ਨਵ-ਨਿਯੁਕਤ ਸਿਹਤ ਮੁਲਾਜ਼ਮਾਂ ਨੂੰ ਘੱਟ ਪੇਅ ਸਕੇਲ ਅਤੇ ਤਿੰਨ ਸਾਲ ਪਰਖ ਅਧੀਨ ਵਰਗਾ ਕਾਲਾ ਕਾਨੂੰਨ ਆਦਿ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਪਰ ਜ਼ੁਲਮ ਹੈ ਅਤੇ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਨਾ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ਾਂ ਦੀ ਪੂਰਨ ਹਮਾਇਤ ਕੀਤੀ ਜਾਵੇਗੀ ਅਤੇ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਲੋਕਾਂ ਵਿੱਚ ਪਰਦਾਫਾਸ਼ ਕੀਤਾ ਜਾਵੇਗਾ।
ਕੰਪਿਊਟਰ ਅਧਿਆਪਕ ਮਨਾਉਣਗੇ ਕਾਲੀ ਦੀਵਾਲੀ
ਪਠਾਨਕੋਟ (ਪੱਤਰ ਪ੍ਰੇਰਕ):
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸੈਣੀ ਅਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਪ੍ਰਿਅੰਕਾ ਵਸ਼ਿਸ਼ਠ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਉਨ੍ਹਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਦੀਪ ਸ਼ਰਮਾ, ਸਤਵੀਰ, ਨਵਨੀਤ ਸ਼ਰਮਾ, ਬਲਾਕ ਪ੍ਰਧਾਨ ਬਿੰਦੂ ਰਿਖੀ, ਵਿਕਰਮ ਆਜ਼ਾਦ, ਕਮਲਜੀਤ, ਪ੍ਰਿਅੰਕਾ, ਬਿੰਦੂ, ਅਮਿਤ ਕੁਮਾਰ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ। ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਇਸ ਸਰਕਾਰ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਝੂਠ ਬੋਲਣ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਲਈ ਉਹ ਕਾਲੀ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸੰਗਰੂਰ ਵਿੱਚ 58 ਦਿਨਾਂ ਤੋਂ ਕੰਪਿਊਟਰ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਸਰਕਾਰ ਦਾ ਇੱਕ ਵੀ ਆਗੂ ਕੰਪਿਊਟਰ ਅਧਿਆਪਕਾਂ ਦਾ ਹੱਲ ਅਤੇ ਸਮੱਸਿਆ ਦਾ ਪਤਾ ਕਰਨ ਸੰਗਰੂਰ ਨਹੀਂ ਪੁੱਜਿਆ।