Investment in Gold: ਭਾਰਤ ਵਿੱਚ ਸੋਨੇ ਦਾ ਨਿਵੇਸ਼ 60 ਫੀਸਦੀ ਵਧਿਆ
ਨਵੀਂ ਦਿੱਲੀ, 5 ਫਰਵਰੀ
ਭਾਰਤ ਵਿੱਚ ਸੋਨੇ ਦੇ ਨਿਵੇਸ਼ ਵਿੱਚ ਸੱਠ ਫੀਸਦੀ ਵਾਧਾ ਹੋਇਆ ਹੈ। ਇਹ ਖੁਲਾਸਾ ਸਾਲ 2024 ਦੀ ਰਿਪੋਰਟ ਵਿਚ ਹੋਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2023 ਦੀ ਇੱਕ ਰਿਪੋਰਟ ਦੇ ਮੁਕਾਬਲੇ 2024 ਵਿੱਚ 60 ਫੀਸਦੀ ਦੇ ਵਾਧੇ ਨਾਲ 18 ਅਰਬ ਡਾਲਰ (ਲਗਪਗ 1.5 ਲੱਖ ਕਰੋੜ ਰੁਪਏ) ਤੱਕ ਸੋਨੇ ਵਿਚ ਨਿਵੇਸ਼ ਕੀਤਾ ਗਿਆ ਹੈ। ਵਰਲਡ ਗੋਲਡ ਕਾਊਂਸਿਲ (ਡਬਲਿਊਜੀਸੀ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਨੇ ਦੀ ਨਿਵੇਸ਼ ਦੀ ਮੰਗ 239 ਟਨ ਰਹੀ, ਜੋ 2013 ਤੋਂ ਬਾਅਦ ਇਸ ਦੇ ਸਭ ਤੋਂ ਉੱਚੇ ਪੱਧਰ ਨੂੰ ਦਰਸਾਉਂਦੀ ਹੈ। ਇਹ 2023 ਵਿੱਚ ਰਿਕਾਰਡ ਕੀਤੇ 185 ਟਨ ਦੇ ਮੁਕਾਬਲੇ 29 ਫੀਸਦੀ ਵੱਧ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਤਿਮਾਹੀ ਵਿੱਚ ਪੀਲੀ ਧਾਤ ਵਿਚ ਵਧ ਨਿਵੇਸ਼ ਕੀਤਾ ਗਿਆ। ਡਬਲਿਊਜੀਸੀ ਦੀ ਰਿਪੋਰਟ ਅਨੁਸਾਰ ਇਸ ਦਾ ਮੁੱਖ ਕਾਰਨ ਸਾਲ ਭਰ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਸੀ। ਜੁਲਾਈ ਵਿੱਚ ਦਰਾਮਦ ਡਿਊਟੀ ਵਿੱਚ ਕਟੌਤੀ ਦੇ ਬਾਅਦ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਚੜ੍ਹਨੀਆਂ ਸ਼ੁਰੂ ਹੋ ਗਈਆਂ। ਇਸ ਤੋਂ ਇਲਾਵਾ ਅਕਤੂਬਰ ਅਤੇ ਨਵੰਬਰ ਵਿਚ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਵਿਚ ਸੋਨੇ ਦੀ ਖਰੀਦ ਵਧੀ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੱਡੇ ਮੈਟਰੋਪੋਲੀਟਨ ਸ਼ਹਿਰਾਂ ਵਿੱਚ ਈ-ਕਾਮਰਸ ਪਲੇਟਫਾਰਮਾਂ ਕਾਰਨ ਖਰੀਦਦਾਰੀ ਵਿੱਚ ਵਾਧਾ ਹੋਇਆ ਹੈ ਜਿਸ ਵਿਚ ਛੋਟੇ ਸੋਨੇ ਵਿਚ ਨਿਵੇਸ਼ ਕੀਤਾ ਜਾਂਦਾ ਹੈ।