ਸਿੱਖਿਆ ਕ੍ਰਾਂਤੀ ਲਈ ਲਾਮਿਸਾਲ ਨਿਵੇਸ਼ ਕਰ ਰਹੇ ਹਾਂ: ਮਾਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਨਲੈਂਡ ਵਿੱਚ ਸਿਖਲਾਈ ਲਈ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ 72 ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਇਹ ਪਹਿਲਕਦਮੀ ਸਿੱਖਿਆ ਦੇ ਇਸ ਮੰਤਵ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਲਈ ਦੁਨੀਆ ਭਰ ਵਿੱਚ ਮਕਬੂਲ ਹੈ।
ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਵਿੱਚ ਲਾਮਿਸਾਲ ਨਿਵੇਸ਼ ਕਰ ਰਹੀ ਹੈ। ਅੱਜ ਦਾ ਦਿਨ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਕ ਅਹਿਮ ਮੀਲ ਪੱਥਰ ਹੈ ਕਿਉਂਕਿ ਅੱਜ ਅਸੀਂ ਇੱਥੇ ਆਪਣੇ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਦੇ ਸਫ਼ਰ ਵਾਸਤੇ ਰਵਾਨਾ ਕਰਨ ਆਏ ਹਾਂ।’’ ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਸ ਸਿਖਲਾਈ ਨਾਲ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਰਣਨੀਤੀਆਂ, ਕਲਾਸਰੂਮ ਮੈਨੇਜਮੈਂਟ ਜੁਗਤਾਂ ਅਤੇ ਸਿੱਖਿਆ ਨੂੰ ਵਿਦਿਆਰਥੀ ਕੇਂਦਰਿਤ ਕਰਨ ਲਈ ਵਿਆਪਕ ਪਹੁੰਚ ਬਾਰੇ ਸਿੱਖਣ ਦਾ ਮੌਕਾ ਮਿਲੇਗਾ।
ਹੁਣ ਤੱਕ 500 ਤੋਂ ਵੱਧ ਅਧਿਆਪਕ ਸਿਖਲਾਈ ਲਈ ਭੇਜੇ
ਸੂਬਾ ਸਰਕਾਰ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ, ਫਿਨਲੈਂਡ ਅਤੇ ਇੱਥੋਂ ਤੱਕ ਕਿ ਦੇਸ਼ ਦੇ ਅੰਦਰ ਵੱਕਾਰੀ ਸੰਸਥਾ ਆਈਆਈਐੱਮ ਲਈ ਭੇਜ ਚੁੱਕੀ ਹੈ। ਅਧਿਆਪਕ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਵਿੱਚ ਪੜ੍ਹ ਰਹੇ ਹਾਣੀਆਂ ਨਾਲ ਆਲਮੀ ਪੱਧਰ ’ਤੇ ਮੁਕਾਬਲਾ ਕਰਨ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਨੂੰ ਅਮਲੀ ਰੂਪ ਦੇਣ ਲਈ ਐੱਸਸੀਆਈਆਰਟੀ ਵਿੱਚ ਕੌਮਾਂਤਰੀ ਸਿੱਖਿਆ ਮਾਮਲੇ ਸੈੱਲ (ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ਼ ਸੈੱਲ) ਦੀ ਸਥਾਪਨਾ ਕੀਤੀ ਗਈ ਹੈ।