For the best experience, open
https://m.punjabitribuneonline.com
on your mobile browser.
Advertisement

ਮਰੀਜ਼ ਦੀ ਮੌਤ ਦੇ ਮਾਮਲੇ ’ਚ ਨਿੱਜੀ ਹਸਪਤਾਲ ਖ਼ਿਲਾਫ਼ ਜਾਂਚ ਸ਼ੁਰੂ

08:44 AM May 10, 2024 IST
ਮਰੀਜ਼ ਦੀ ਮੌਤ ਦੇ ਮਾਮਲੇ ’ਚ ਨਿੱਜੀ ਹਸਪਤਾਲ ਖ਼ਿਲਾਫ਼ ਜਾਂਚ ਸ਼ੁਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਮਈ
ਇੱਥੋਂ ਦੇ ਸੈਕਟਰ-33 ਵਿੱਚ ਸਥਿਤ ਲੈਂਡਮਾਰਕ ਹਸਪਤਾਲ ’ਤੇ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਸ਼ਿਕਾਇਤ ਪ੍ਰਸ਼ਾਸਕ ਦੇ ਸਲਾਹਕਾਰ, ਸਿਹਤ ਸਕੱਤਰ ਤੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਸੌਂਪੀ ਗਈ ਹੈ। ਇਸ ਮਾਮਲੇ ’ਚ ਸਿਹਤ ਵਿਭਾਗ ਵੱਲੋਂ ਬਣਾਈ ਗਈ ਕਮੇਟੀ ਨੇ ਹਸਪਤਾਲ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ, ਜਿਸ ਤਹਿਤ ਨਿੱਜੀ ਹਸਪਤਾਲ ਦੇ ਪ੍ਰਬੰਧਕ ਕਮੇਟੀ ਕੋਲ ਪੇਸ਼ ਹੋਏ। ਹਸਪਤਾਲ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਮਰੀਜ਼ ਦੀ ਗੰਭੀਰ ਹਾਲਤ ਹੋਣ ਦੇ ਬਾਵਜੂਦ ਦਵਾਈ ਦੇ ਕੇ ਘਰ ਭੇਜ ਦਿੱਤਾ। ਇਸ ਤੋਂ ਇਲਾਵਾ ਮਰੀਜ਼ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹੋਣ ਵੇਲੇ ਫੈਮਰ ਬੋਨ ਦੇ ਪਾਏ ਇੰਪਲਾਂਟ ਦਾ ਰਿਕਾਰਡ ਨਹੀਂ ਦਿੱਤਾ ਗਿਆ ਜਿਸ ਕਾਰਨ ਬਜ਼ੁਰਗ ਔਰਤ ਦੇ ਇਲਾਜ ’ਚ ਦੇਰ ਹੋਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਲੈਂਡਮਾਰਕ ਹਸਪਤਾਲ ਦੇ ਡਾਕਟਰਾਂ ਨੇ 17 ਮਾਰਚ ਨੂੰ ਮੁਹਾਲੀ ਦੇ ਫੇਜ਼-9 ਦੀ ਰਹਿਣ ਵਾਲੀ ਅਮਰਜੀਤ ਕੌਰ ਦੇ ਸਾਈਡ ਚੂਲਾ ਪਾਇਆ ਸੀ ਤੇ ਮੁੜ 3 ਅਪਰੈਲ ਨੂੰ ਸੱਦਿਆ ਸੀ। ਇਸ ਤੋਂ ਪਹਿਲਾਂ ਹੀ ਬਜ਼ੁਰਗ ਮਹਿਲਾ ਦੀ ਹਾਲਤ ਖਰਾਬ ਹੋ ਗਈ। ਪਰਿਵਾਰ ਵਾਲੇ ਸੋਡੀਅਮ ਦਾ 3 ਅਪਰੈਲ ਨੂੰ ਟੈਸਟ ਕਰਵਾ ਕੇ ਹਸਪਤਾਲ ਪੁੱਜੇ ਤੇ ਸੋਡੀਅਮ ਲੈਵਲ 120 ਹੋਣ ਬਾਰੇ ਜਾਣਕਾਰੀ ਦਿੱਤੀ ਜੋ ਕਿ ਬਹੁਤ ਹੀ ਘੱਟ ਸੀ ਪਰ ਹਸਪਤਾਲ ਨੇ ਮਰੀਜ਼ ਨੂੰ ਤਿੰਨ ਦਿਨ ਦਵਾਈ ਖਾ ਕੇ ਮੁੜ ਆਉਣ ਲਈ ਕਿਹਾ। ਅਗਲੇ ਦਿਨ ਹੀ 4 ਅਪਰੈਲ ਨੂੰ ਮਰੀਜ਼ ਨੂੰ ਦੌਰੇ ਪੈਣ ਲੱਗੇ ਤੇ ਉਸ ਨੂੰ ਹੰਗਾਮੀ ਹਾਲਤ ਵਿੱਚ ਸਰਕਾਰੀ ਮੈਡਕੀਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ-32 ਦੇ ਐਮਰਜੈਂਸੀ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ।
ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਸੋਡੀਅਮ ਲੈਵਲ 120 ਹੋਣ ’ਤੇ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਭਰਤੀ ਕਰਨਾ ਬਣਦਾ ਸੀ ਜੋ ਕਿ ਲੈਂਡਮਾਰਕ ਹਸਪਤਾਲ ਨੇ ਨਹੀਂ ਕੀਤਾ। ਜੇਕਰ ਹਸਪਤਾਲ ਉਸ ਵੇਲੇ ਮਰੀਜ਼ ਨੂੰ ਟੀਕਾ ਲਾ ਦਿੰਦਾ ਜਾਂ ਭਰਤੀ ਕਰ ਲੈਂਦਾ ਤਾਂ ਮਰੀਜ਼ ਦੀ ਜਾਨ ਬੱਚ ਸਕਦੀ ਸੀ। ਇਸ ਤੋਂ ਬਾਅਦ ਜੀਐੱਮਸੀਐੱਚ ਦੇ ਡਾਕਟਰਾਂ ਨੇ ਬਿਮਾਰੀ ਦਾ ਅਸਲ ਕਾਰਨ ਪਤਾ ਲਾਉਣ ਲਈ 8 ਅਪਰੈਲ ਨੂੰ ਐੱਮਆਈਆਰ ਕਰਵਾਉਣ ਲਈ ਕਿਹਾ ਪਰ ਨਾਲ ਹੀ ਨਿੱਜੀ ਹਸਪਤਾਲ ਤੋਂ ਲਿਖਤ ਵਿੱਚ ਲਿਆਉਣ ਲਈ ਕਿਹਾ ਕਿ ਮਰੀਜ਼ ਦੇ ਕਿਹੜਾ ਇੰਪਲਾਂਟ ਪਾਇਆ ਗਿਆ ਹੈ। ਕੀ ਉਹ ਐੱਮਆਈਆਰ ਮਸ਼ੀਨ ਵਿਚ ਚੱਲ ਸਕਦਾ ਹੈ ਜਾਂ ਨਹੀਂ ਪਰ ਨਿੱਜੀ ਹਸਪਤਾਲ ਨੇ ਲਿਖਤ ਵਿੱਚ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਕਾਰਨ ਇਲਾਜ ਵਿੱਚ ਦੇਰ ਹੋਣ ਕਾਰਨ ਬਜ਼ੁਰਗ ਮਹਿਲਾ ਦੀ 16 ਅਪਰੈਲ ਨੂੰ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਨੇ ਪ੍ਰਸ਼ਾਸਕ ਦੇ ਸਲਾਹਕਾਰ ਤੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

Advertisement

ਮਾਹਿਰਾਂ ਤੋਂ ਸੁਝਾਅ ਮੰਗੇ: ਡਾਇਰੈਕਟਰ ਪ੍ਰਿੰਸੀਪਲ

ਸਰਕਾਰੀ ਮੈਡੀਕਲ ਕਾਜਲ ਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਏ.ਕੇ. ਅਤਰੀ ਨੇ ਦੱਸਿਆ ਕਿ ਉਨ੍ਹਾਂ ਹਸਪਤਾਲ ਦੇ ਡਾਕਟਰ ਨੂੰ ਸੱਦਿਆ ਸੀ ਤੇ ਸ਼ਿਕਾਇਤਕਰਤਾ ਕੋਲੋਂ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਮਾਹਿਰਾਂ ਕੋਲੋਂ ਵੀ ਸੁਝਾਅ ਮੰਗੇ ਗਏ ਹਨ ਤੇ ਜਲਦੀ ਹੀ ਕਮੇਟੀ ਆਪਣਾ ਫੈਸਲਾ ਸੁਣਾਏਗੀ। ਦੂਜੇ ਪਾਸੇ ਨਿੱਜੀ ਹਸਪਤਾਲ ਦੇ ਮਾਲਕ ਡਾ. ਹਰਸਿਮਰਨ ਨੇ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ ਸੱਦਿਆ ਸੀ ਤੇ ਉਨ੍ਹਾਂ ਨੇ ਕਮੇਟੀ ਕੋਲ ਆਪਣਾ ਪੱਖ ਰੱਖ ਦਿੱਤਾ ਹੈ।

Advertisement
Author Image

sukhwinder singh

View all posts

Advertisement
Advertisement
×