ਵਿਧਾਇਕ ਤੇ ਸਮਰਥਕਾਂ ਖ਼ਿਲਾਫ਼ ਜਾਂਚ ਸ਼ੁਰੂ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 11 ਜੁਲਾਈ
ਵਿਧਾਨ ਸਭਾ ਹਲਕਾ ਜੈਤੋ ਤੋਂ ‘ਆਪ’ ਦੇ ਵਿਧਾਇਕ ਅਮਲੋਕ ਸਿੰਘ ’ਤੇ ਇੱਕ ਸੱਟੇਬਾਜ਼ ਨਾਲ ਮਿਲ ਕੇ ਇੱਕ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਉਸ ਤੋਂ ਉਸ ਦਾ ਘਰ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਰਾਹੁਲ ਕੁਮਾਰ ਪੁੱਤਰ ਸ਼ੰਭੂ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਨੇ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਭੇਜੀ ਹੈ। ਐੱਸਐੱਸਪੀ ਫ਼ਰੀਦਕੋਟ ਵੱਲੋਂ ਮਾਮਲੇ ਦੀ ਜਾਂਚ ਡੀਐੱਸਪੀ ਕੋਟਕਪੂਰਾ ਸਮਸ਼ੇਰ ਸਿੰਘ ਸ਼ੇਰਗਿੱਲ ਤੋਂ ਕਰਵਾਈ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਕੋਟਕਪੂਰਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਜਲਦ ਹੀ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।
ਪੀੜਤ ਅਨੁਸਾਰ ਉਸ ਦੇ ਮੁਹੱਲੇ ਵਿੱਚ ਪ੍ਰੇਮ ਕੁਮਾਰ ਤੇ ਪੰਕਜ ਨਾਂ ਦੇ ਦੋ ਭਰਾ ਰਹਿ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਦੋਵੇਂ ਭਰਾਵਾਂ ਨੇ ਆਮ ਆਦਮੀ ਪਾਰਟੀ ਮਦਦ ਕੀਤੀ। ਇਸ ਦੌਰਾਨ ਇਨ੍ਹਾਂ ਭਰਾਵਾਂ ਨੇ ਪੀੜਤ ਨੂੰ ਆਪਣੀ ਵੋਟ ‘ਆਪ’ ਉਮੀਦਵਾਰ ਨੂੰ ਪਾਉਣ ਲਈ ਦਬਾਅ ਪਾਇਆ ਸੀ ਪਰ ਜਦ ਪੀੜਤ ਨੇ ਵੋਟ ਕਿਸੇ ਹੋਰ ਦੇ ਹੱਕ ਵਿਚ ਪਾ ਦਿੱਤੀ ਤਦ ਇਹ ਦੋਵੇਂ ਪੀੜਤ ਨਾਲ ਰੰਜਿਸ਼ ਰੱਖਣ ਲੱਗ ਪਏ।
ਸ਼ਿਕਾਇਤ ਵਿਚ ਪੀੜਤ ਨੇ ਇਹ ਵੀ ਦੱਸਿਆ ਕਿ ਦੋਵੇਂ ਭਰਾ ਜੈਤੋ ਵਿਧਾਇਕ ਅਮਲੋਕ ਸਿੰਘ ਦੇ ਬਹੁਤ ਨਜ਼ਦੀਕੀ ਹਨ। ਇਕ ਵਾਰ ਵਿਧਾਇਕ ਨੇ ਵੀ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪ੍ਰੇਮ ਕੁਮਾਰ ਇਸ ਸਮੇਂ ਵਿਧਾਇਕ ਦੇ ਨਿੱਜੀ ਸਲਾਹਕਾਰ ਵਜੋਂ ਕੰਮ ਕਰ ਰਿਹਾ ਹੈ। ਹਾਲਾਂਕਿ ਇਸ ਸਖ਼ਸ਼ ਵਿਰੁੱਧ ਥਾਣਾ ਸਿਟੀ ਕੋਟਕਪੂਰਾ ਦੀ ਪੁਲੀਸ ਨੇ ਜੂਨ 2022 ਵਿਚ ਸੱਟੇਬਾਜ਼ੀ ਕਰਨ ਦਾ ਕੇਸ ਦਰਜ ਵੀ ਕੀਤਾ ਸੀ।
ਪੀੜਤ ਨੇ ਆਪਣੀ ਸ਼ਿਕਾਇਤ ’ਚ ਉੱਚ ਅਧਿਕਾਰੀਆਂ ਕੋਲ ਆਪਣੀ ਜਾਨ ਅਤੇ ਮਾਲ ਨੂੰ ਖਤਰਾ ਹੋਣ ਦਾ ਸ਼ੱਕ ਪ੍ਰਗਟਾਉਂਦਿਆਂ ਵਿਧਾਇਕ ਅਤੇ ਉਸ ਦੇ ਸਮਰਥਕਾਂ ਤੋਂ ਸੁਰੱਖਿਆ ਕਰਨ ਦੀ ਮੰਗ ਕੀਤੀ ਹੈ।
ਦੋ ਪਰਿਵਾਰਾਂ ਦੇ ਮਾਮਲੇ ਵਿੱਚ ਮੇਰਾ ਨਾਂ ਬਨਿਾਂ ਵਜ੍ਹਾ ਘਸੀਟਿਆ ਜਾ ਰਿਹੈ: ਵਿਧਾਇਕ
ਇਸ ਬਾਰੇ ਵਿਧਾਇਕ ਅਮਲੋਕ ਸਿੰਘ ਨੇ ਕਿਹਾ ਕਿ ਇਹ ਦੋ ਪਰਿਵਾਰਾਂ ਦਾ ਆਪਸੀ ਮਸਲਾ ਹੈ ਜਿਸ ਵਿਚ ਉਸ ਦਾ ਨਾਂ ਬਨਿਾਂ ਕਿਸੇ ਵਜ੍ਹਾ ਕਰਕੇ ਘਸੀਟਿਆ ਜਾ ਰਿਹਾ ਹੈ। ਇਸ ਬਾਰੇ ਉਹ ਜ਼ਿਆਦਾ ਕੁੱਝ ਨਹੀਂ ਕਹਿਣਾ ਚਾਹੁੰਦਾ ਹੈ ਕਿਉਂਕਿ ਦੂਜੇ ਪਰਿਵਾਰਾਂ ਦੀਆਂ ਕੁੱਝ ਗੱਲਾਂ ਨੂੰ ਉਹ ਉਜਾਗਰ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਦੋਸ਼ ਲਾਉਣਾ ਬਹੁਤ ਸੌਖਾ ਹੈ ਤੇ ਸਾਬਿਤ ਕਰਨਾ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਹੋ ਰਹੀ ਹੈ, ਸਪੱਸ਼ਟ ਹੋ ਜਾਵੇਗਾ।