ਮਰੀਜ਼ ਨੂੰ ਡੇਂਗੂ ਪੀੜਤ ਐਲਾਨਣ ਤੋਂ ਪਹਿਲਾਂ ਜਾਂਚ ਜ਼ਰੂਰੀ: ਵਿਧਾਇਕ
ਸੰਜੀਵ ਤੇਜਪਾਲ
ਮੋਰਿੰਡਾ, 12 ਨਵੰਬਰ
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਡੇਂਗੂ ਤੋਂ ਬਚਾਅ ਸਬੰਧੀ ਨਗਰ ਕੌਂਸਲ ਮੋਰਿੰਡਾ ਦੇ ਦਫ਼ਤਰ ਵਿੱਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਸਣੇ ਰੂਪਨਗਰ ਦੇ ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ ਆਦਿ ਨੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਅਤੇ ਰਜਿਸਟਰਡ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਰੀਜ਼ ਨੂੰ ਡੇਂਗੂ ਦਾ ਮਰੀਜ਼ ਐਲਾਨਣ ਤੋਂ ਪਹਿਲਾਂ ਉਸ ਦਾ ਖੂਨ ਸਰਕਾਰੀ ਹਸਪਤਲ ਰੋਪੜ ਦੀ ਲੈਬਾਰਟਰੀ ਵਿੱਚ ਚੈੱਕ ਕਰਾਇਆ ਜਾਵੇ।
ਵਿਧਾਇਕ ਨੇ ਇਲਾਕੇ ਵਿੱਚ ਡੇਂਗੂ ਦੀ ਰੋਕਥਾਮ ਤੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਬੰਧੀ ਜਾਣਕਾਰੀ ਲਈ। ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਸ਼ਹਿਰ ਦੀ ਸਫ਼ਾਈ ਸਬੰਧੀ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਨੇ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੂੰ ਸਫ਼ਾਈ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ।