ਹਸੀਨਾ ਖ਼ਿਲਾਫ਼ ਪੰਜ ਅਰਬ ਡਾਲਰ ਦੇ ਗਬਨ ਦੀ ਜਾਂਚ ਸ਼ੁਰੂ
ਢਾਕਾ, 24 ਦਸੰਬਰ
ਬੰਗਲਾਦੇਸ਼ ’ਚ ਭ੍ਰਿਸ਼ਟਾਚਾਰ ਰੋਕੂ ਕਮੇਟੀ ਨੇ ਰੂਪਪੁਰ ਪ੍ਰਮਾਣੂ ਊਰਜਾ ਪਲਾਂਟ ’ਚ ਪੰਜ ਅਰਬ ਅਮਰੀਕੀ ਡਾਲਰ ਦੇ ਗਬਨ ਦੇ ਦੋਸ਼ਾਂ ਦੇ ਸਬੰਧ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਹੈ। ਇਸ ਸਬੰਧ ਵਿੱਚ ਮੀਡੀਆ ਰਿਪੋਰਟ ਪ੍ਰਕਾਸ਼ਤ ਹੋਈ ਹੈ।
ਭਾਰਤੀ ਕੰਪਨੀਆਂ ਬੰਗਲਾਦੇਸ਼ ’ਚ ਰੂਪਪੁਰ ਪ੍ਰਮਾਣੂ ਊਰਜਾ ਪਲਾਂਟ ਦੇ ਨਿਰਮਾਣ ’ਚ ਸ਼ਾਮਲ ਹਨ। ਇਸ ਦਾ ਨਿਰਮਾਣ ਰੂਸ ਦੀ ਸਰਕਾਰੀ ਕੰਪਨੀ ਰੋਸਾਤਮ ਕਰ ਰਹੀ ਹੈ। ਰੂਸ ਵੱਲੋਂ ਡਿਜ਼ਾਈਨ ਕੀਤਾ ਗਿਆ ਪਹਿਲਾ ਬੰਗਲਾਦੇਸ਼ੀ ਪ੍ਰਮਾਣੂ ਊਰਜਾ ਪਲਾਂਟ ਰੂਪਪੁਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 160 ਕਿਲੋਮੀਟਰ ਪੱਛਮ ’ਚ ਬਣਾਇਆ ਜਾ ਰਿਹਾ ਹੈ। ਬੀਡੀ ਨਿਊਜ਼ ਨੇ ਲੰਘੇ ਐਤਵਾਰ ਦੱਸਿਆ ਕਿ ਹਸੀਨਾ ਨਾਲ ਉਸ ਦੇ ਪੁੱਤਰ ਸਜੀਬ ਵਾਜੇਦ ਜੌਇ ਅਤੇ ਉਨ੍ਹਾਂ ਦੀ ਭਾਣਜੀ ਤੇ ਬਰਤਾਨੀਆ ਦੀ ਵਿੱਤ ਮੰਤਰੀ ਟਿਊਲਿਪ ਸਿੱਦੀਕ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਹਾਈ ਕੋਰਟ ਵੱਲੋਂ ਇੱਕ ਨਿਯਮ ਜਾਰੀ ਕਰਨ ਤੋਂ ਦੋ ਦਿਨ ਬਾਅਦ ਵਾਪਰਿਆ ਹੈ ਜਿਸ ’ਚ ਪੁੱਛਿਆ ਗਿਆ ਸੀ ਕਿ ਰੂਪਪੁਰ ਪ੍ਰਮਾਣੂ ਊਰਜਾ ਪਲਾਂਟ ਪ੍ਰਾਜੈਕਟ ਨਾਲ ਹਸੀਨਾ, ਜੌਇ ਅਤੇ ਟਿਊਲਿਪ ਵੱਲੋਂ ਮਲੇਸ਼ਿਆਈ ਬੈਂਕ ਨੂੰ ਪੰਜ ਅਰਬ ਅਮਰੀਕੀ ਡਾਲਰ ਦੇ ਕਥਿਤ ਲੈਣ-ਦੇਣ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੇ ਕਾਰਵਾਈ ਕਿਉਂ ਨਹੀਂ ਕੀਤੀ। ਹਸੀਨਾ ਪੰਜ ਅਗਸਤ ਤੋਂ ਭਾਰਤ ’ਚ ਹੈ। -ਪੀਟੀਆਈ