ਪੰਨੂ ਕੇਸ ਦੀ ਜਾਂਚ
ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਕੇਸ ਸਬੰਧੀ ਅਮਰੀਕੀ ਏਜੰਸੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਅਤੇ ਹੋਰਨਾਂ ਸੁਰਾਗਾਂ ਦੇ ਆਧਾਰ ’ਤੇ ਭਾਰਤ ਸਰਕਾਰ ਵੱਲੋਂ ਕਰਵਾਈ ਗਈ ਉੱਚ ਪੱਧਰੀ ਜਾਂਚ ਵਿੱਚ ਕੁਝ ਵੀ ਨਵਾਂ ਸਾਹਮਣੇ ਨਹੀਂ ਆਇਆ ਸਗੋਂ ਇਸ ਮਾਮਲੇ ਵਿੱਚ ਅਮਰੀਕੀ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਹੀ ਪੁਸ਼ਟੀ ਕੀਤੀ ਗਈ ਹੈ। ਉਂਝ, ਇਸ ਜਾਂਚ ਰਿਪੋਰਟ ਦੇ ਸਮੇਂ ਅਤੇ ਇਸ ਦੇ ਅਰਥਾਂ ਨੂੰ ਲੈ ਕੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਰਿਪੋਰਟ ਵਿੱਚ ਇਹ ਗੱਲ ਪ੍ਰਵਾਨ ਕੀਤੀ ਗਈ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਇਸ ਵਿੱਚ ਇੱਕ ਭਾਰਤੀ ਨਾਗਰਿਕ ਦੀ ਸ਼ਮੂਲੀਅਤ ਦਾ ਇਕਬਾਲ ਕੀਤਾ ਗਿਆ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਵੱਲੋਂ ਕੱਲ੍ਹ ਜਾਰੀ ਕੀਤੇ ਗਏ ਬਿਆਨ ਵਿੱਚ ਸਬੰਧਿਤ ਵਿਅਕਤੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਪਰ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਆਖਿਆ ਗਿਆ ਹੈ ਕਿ ਉਹ ਵਿਅਕਤੀ ਹੋਰ ਕੋਈ ਨਹੀਂ ਸਗੋਂ ਵਿਕਾਸ ਯਾਦਵ ਹੈ ਜਿਸ ਬਾਰੇ ਅਮਰੀਕੀ ਜਾਂਚ ਏਜੰਸੀਆਂ ਦਾ ਕਹਿਣਾ ਸੀ ਕਿ ਉਹ ਭਾਰਤ ਸਰਕਾਰ ਦਾ ਖੁਫ਼ੀਆ ਅਫਸਰ ਹੈ ਜਿਸ ਨੇ ਪਹਿਲਾਂ ਸੀਆਰਪੀਐੱਫ ਵਿੱਚ ਸੇਵਾਵਾਂ ਦਿੱਤੀਆਂ ਸਨ।
ਜਾਂਚ ਰਿਪੋਰਟ ਮੁਕੰਮਲ ਹੋਣ ਬਾਰੇ ਅਜਿਹੇ ਸਮੇਂ ਖੁਲਾਸਾ ਕੀਤਾ ਗਿਆ ਹੈ ਜਦੋਂ ਅਗਲੇ ਹਫ਼ਤੇ ਡੋਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨਵੀਂ ਦਿੱਲੀ ਆਏ ਸਨ ਅਤੇ ਪਿਛਲੇ ਹਫ਼ਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੈਸ਼ੰਕਰ ਵੱਲੋਂ ਟਰੰਪ ਵੱਲੋਂ ਨਾਮਜ਼ਦ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਸਾਰੀ ਕਵਾਇਦ ਦੇ ਇਹ ਅਰਥ ਲਾਏ ਜਾ ਰਹੇ ਸਨ ਕਿ ਮੋਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਨਵੇਂ ਟਰੰਪ ਪ੍ਰਸ਼ਾਸਨ ਦੇ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅਮਰੀਕਾ ਨਾਲ ਉਸ ਦੇ ਭਵਿੱਖੀ ਸਬੰਧਾਂ ਉੱਪਰ ਪੰਨੂ ਸਾਜਿਸ਼ ਕੇਸ ਦਾ ਪਰਛਾਵਾਂ ਪਵੇ।
ਬਿਆਨ ਮੁਤਾਬਿਕ ਉੱਚ ਪੱਧਰੀ ਕਮੇਟੀ ਨੇ ਆਪਣੇ ਤੌਰ ’ਤੇ ਵੀ ਜਾਂਚ ਕੀਤੀ ਹੈ ਅਤੇ ਅਮਰੀਕਾ ਵੱਲੋਂ ਇਸ ਮਾਮਲੇ ਵਿੱਚ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ਤੋਂ ਵੀ ਮਦਦ ਲਈ ਹੈ। ਜਾਂਚ ਦਾ ਕੰਮ ਨਵੰਬਰ 2023 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੂੰ ਪੂਰਾ ਹੋਣ ਵਿੱਚ 14 ਮਹੀਨਿਆਂ ਦਾ ਸਮਾਂ ਲੱਗ ਗਿਆ। ਜਾਂਚ ਪ੍ਰਕਿਰਿਆ ਲੰਮਾ ਸਮਾਂ ਚੱਲਣ ਬਾਰੇ ਗ੍ਰਹਿ ਮੰਤਰਾਲੇ ਦੇ ਬਿਆਨ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਕਵਾਇਦ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਵਿੱਚ ਅੱਗੇ ਵਧਣ ਲਈ ਤਿਆਰ ਹੈ ਅਤੇ ਉਹ ਅਜਿਹੇ ਮੁੱਦੇ ਕਰ ਕੇ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੀ। ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਕੇਸ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ ਤਾਂ ਭਾਰਤ ਨੇ ਉਨ੍ਹਾਂ ਦਾ ਦੋਸ਼ ਮੁੱਢੋਂ ਰੱਦ ਕਰ ਦਿੱਤਾ ਸੀ ਅਤੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤੇ ਬਹੁਤ ਵਿਗੜ ਗਏ ਸਨ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਬਾਇਡਨ ਪ੍ਰਸ਼ਾਸਨ ਵੱਲੋਂ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚੇ ਜਾਣ ਦੇ ਦੋਸ਼ ਸਾਹਮਣੇ ਆਏ ਸਨ ਪਰ ਉਨ੍ਹਾਂ ਪ੍ਰਤੀ ਭਾਰਤ ਨੇ ਅਜਿਹਾ ਰੁਖ਼ ਅਪਣਾਉਣ ਤੋਂ ਗੁਰੇਜ਼ ਕੀਤਾ ਸੀ। ਹੁਣ ਗੇਂਦ ਅਮਰੀਕਾ ਵਿੱਚ ਬਣਨ ਵਾਲੇ ਨਵੇਂ ਪ੍ਰਸ਼ਾਸਨ ਦੇ ਪਾਲੇ ਵਿੱਚ ਚਲੀ ਗਈ ਹੈ। ਕਾਫ਼ੀ ਹੱਦ ਤੱਕ ਇਹ ਗੱਲ ਸਹੀ ਹੈ ਕਿ ਅਮਰੀਕਾ ਦੀ ਨਿਆਂ ਪ੍ਰਣਾਲੀ ਨਿਸਬਤਨ ਆਜ਼ਾਦਾਨਾ ਰੂਪ ਵਿੱਚ ਕੰਮ ਕਰਦੀ ਹੈ, ਪਰ ਇਸ ਸਬੰਧ ਵਿੱਚ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ਦਾ ਕੁਝ ਨਾ ਕੁਝ ਅਸਰ ਤਾਂ ਰਹੇਗਾ ਹੀ।