ਡੇਂਗੂ ਲਾਰਵਾ ਵਿਰੋਧੀ ਮੁਹਿੰਮ ਦੌਰਾਨ 8.93 ਲੱਖ ਥਾਂਵਾਂ ’ਤੇ ਜਾਂਚ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਨਵੰਬਰ
ਡੇਂਗੂ ਦੀ ਰੋਕਥਾਮ ਲਈ ‘ਫਰਾਈ ਡੇਅ -ਡਰਾਈ ਡੇ’ ਦੇ ਬੈਨਰ ਹੇਠਾਂ ਜਾਰੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛਰਾਂ ਦੇ ਲਾਰਵੇ ਦੇ ਹਾਟ-ਸਪਾਟ ਦੀ ਚੈਕਿੰਗ ਲਈ ਸਪੈਸ਼ਲ ਮੁਹਿੰਮ ਚਲਾਈ ਗਈ। ਹੁਣ ਤੱਕ ਜ਼ਿਲ੍ਹੇ ਅੰਦਰ ਕਰੀਬ 9 ਲੱਖ ਘਰਾਂ ਦੀ ਚੈਕਿੰਗ ਦੌਰਾਨ 6831 ਥਾਈਂ ਲਾਰਵਾ ਮਿਲ ਚੁੱਕਾ ਹੈ ਪਰ ਅੱਜ ਇੱਕ ਦਿਨ ’ਚ 36412 ਥਾਵਾਂ ਦੀ ਕੀਤੀ ਗਈ ਚੈਕਿੰਗ ਮੌਕੇ 377 ਥਾਂਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ। ਜਿਸ ਦੌਰਾਨ 9 ਚਲਾਨ ਕਰਨ ਸਮੇਤ ਕਈ ਚਿਤਾਵਨੀ ਨੋਟਿਸ ਵੀ ਜਾਰੀ ਕੀਤੇ ਗਏ। ਅੱਜ ਸਿਵਲ ਸਰਜਨ ਡਾ. ਜਤਿੰਦਰ ਕਾਸਲ ਦੀ ਨਿਗਰਾਨੀ ਹੇਠ ਨਿਊ ਗਰੀਨ ਪਾਰਕ ਕਲੋਨੀ, ਗਰਿੱਡ ਕਲੋਨੀ ਸੂਲਰ, ਰਣਜੀਤ ਨਗਰ ਤੇ ਪੁਰਾਣਾ ਬਿਸ਼ਨ ਨਗਰ ਆਦਿ ਵਿਚਲੇ ਘਰਾਂ ’ਚ ਚੈਕਿੰਗ ਕਰਦਿਆਂ ਸਿਹਤ ਕਰਮੀਆਂ ਨੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਟੀਮਾਂ ਦਾ ਤਰਕ ਸੀ ਕਿ ਕਬਾੜ ਆਦਿ ਦੇ ਸਾਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।
ਡੇਂਗੂ ਦੇ 402 ਕੇਸ ਆਏ: ਡਾ. ਸੁਮਿਤ ਸਿੰਘ
ਇਸ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੇ 402 ਕੇਸ ਰਿਪੋਰਟ ਹੋ ਚੁੱਕੇ ਹਨ। ਸੰਪਰਕ ਕਰਨ ’ਤੇ ਇਸ ਦੀ ਪੁਸ਼ਟੀ ਕਰਦਿਆਂ, ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਸੁਮਿਤ ਸਿੰਘ ਦਾ ਕਹਿਣਾ ਸੀ ਕਿ ਡੇਂਗੂ ਵਾਰਿੲਲ ਬੁਖਾਰ ਹੈ, ਜੋ ਏਡੀਜ਼ ਮੱਛਰ ਦੇ ਦਿਨ ਵੇਲੇ ਕੱਟਣ ’ਤੇ ਫੈਲਦਾ ਹੈ। ਇਹ ਮੱਛਰ ਚਾਰ ਕੁ ਦਿਨ ਪੁਰਾਣੀ ਤੇ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਜਿਸ ਕਰਕੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ। ਉਧਰ ਹਾਲ ਹੀ ’ਚ ਡੇਂਗੂ ਦੀ ਲਪੇਟ ’ਚ ਆਈ ਪਟਿਆਲਾ ਦੀ ਰਮਨ ਸਿੱਧੂ ਦਾ ਕਹਿਣਾ ਸੀ ਕਿ ਡੇਂਗੂ ਬੁਖਾਰ ਦੌਰਾਨ ਸਰੀਰ ਬੇਹੱਦ ਟੁੱਟਦਾ ਹੈ।