ਸਿਵਲ ਹਸਪਤਾਲ ਦੇ ਜ਼ੱਚਾ-ਬੱਚਾ ਹਸਪਤਾਲ ’ਚ ਚੂਹਿਆਂ ਦੀ ਭਰਮਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਪਰੈਲ
ਇੱਕੇ ਸੂਬੇ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਸਥਿਤ ਜ਼ੱਚਾ-ਬੱਚਾ ਹਸਪਤਾਲ ਵਿੱਚ ਇਸ ਸਮੇਂ ਮਰੀਜ਼ ਚੂਹਿਆਂ ਤੋਂ ਪ੍ਰੇਸ਼ਾਨ ਹਨ। ਰਾਤ ਹੁੰਦਿਆਂ ਹੀ ਮਰੀਜ਼ਾਂ ਦੇ ਬੈੱਡ ’ਤੇ ਚੂਹੇ ਪਹੁੰਚ ਜਾਂਦੇ ਹਨ। ਉਨ੍ਹਾਂ ਦਾ ਸਾਮਾਨ ਤੇ ਦਵਾਈਆਂ ਤੱਕ ਖ਼ਰਾਬ ਕਰ ਦਿੰਦੇ ਹਨ। ਤਾਜ਼ਾ ਮਾਮਲੇ ਵਿੱਚ ਚੂਹੇ ਨੇ ਇੱਕ ਗਰਭਵਤੀ ਨੂੰ ਵੱਢ ਲਿਆ। ਇਸ ਤੋਂ ਬਾਅਦ ਹਸਪਤਾਲ ਵਿੱਚੋਂ ਹੀ ਉਸ ਨੂੰ ਐਂਟੀ ਰੇਬੀਜ਼ ਦੇ ਟੀਕੇ ਲਗਾਏ ਜਾ ਰਹੇ ਹਨ।
ਜ਼ੱਚਾ-ਬੱਚਾ ਹਸਪਤਾਲ ਦੀ ਇਮਾਰਤ ਦੇ ਵੱਖ ਵੱਖ ਵਾਰਡਾਂ ’ਚ ਚੂਹਿਆਂ ਦੀ ਭਰਮਾਰ ਹੈ। ਇਹ ਚੂਹੇ ਨਰਸਿੰਗ ਸਟਾਫ਼ ਦੀਆਂ ਅੱਖਾਂ ਸਾਹਮਣੇ ਹੀ ਮਰੀਜ਼ਾਂ ਉੱਪਰ ਅਤੇ ਉਨ੍ਹਾਂ ਦੇ ਖਾਣ-ਪੀਣ ਦੇ ਸਾਮਾਨ ’ਤੇ ਭੱਜੇ ਫਿਰਦੇ ਰਹਿੰਦੇ ਹਨ।
ਗਰਭਵਤੀ ਔਰਤਾਂ ਦਿਨ ’ਚ ਤਾਂ ਕਿਸੇ ਤਰੀਕੇ ਨਾਲ ਚੂਹਿਆਂ ਤੋਂ ਆਪਣਾ ਬਚਾਅ ਕਰ ਲੈਂਦੀਆਂ ਹਨ ਪਰ ਰਾਤ ਸਮੇਂ ਸਥਿਤੀ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਉਹ ਚੂਹਿਆਂ ਦੇ ਵੱਢਣ ਦੇ ਡਰੋਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੀਆਂ। ਚੂਹੇ ਝੁੰਡ ਬਣਾ ਕੇ ਕਦੇ ਮਰੀਜ਼ਾਂ ਦੇ ਬੈਡ ’ਤੇ ਚੜ੍ਹਦੇ ਹਨ ਅਤੇ ਕਦੇ ਖਾਣ ਪੀਣ ਦੇ ਸਾਮਾਨ ਤੇ ਦਵਾਈਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਚੂਹੇ ਵਾਰਡ ’ਚ ਪਈਆਂ ਕਈ ਜ਼ਰੂਰੀ ਫਾਈਲਾਂ ਨੂੰ ਕੁਤਰ ਚੁੱਕੇ ਹਨ।
ਜ਼ੱਚਾ-ਬੱਚਾ ਹਸਪਤਾਲ ਵਿੱਚ ਆਪਣੀ ਔਰਤ ਦਾ ਇਲਾਜ਼ ਕਰਵਾਉਣ ਆਏ ਸੋਨੂੰ ਨੇ ਦੱਸਿਆ ਕਿ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਿਛਲੇ ਦਿਨੀਂ ਉਨ੍ਹਾਂ ਦੇ ਘਰ ਬੱਚਾ ਹੋਇਆ ਹੈ। ਉਸ ਨੇ ਚੂਹਿਆਂ ਦੀ ਵੀਡੀਓ ਬਣਾ ਕੇ ਹਸਪਤਾਲ ਪ੍ਰਸ਼ਾਸਨ ਨੂੰ ਦਿੱਤੀ ਸੀ। ਉਸੇ ਰਾਤ ਹੀ ਚੂਹੇ ਨੇ ਉਸ ਦੀ ਘਰਵਾਲੀ ਨੂੰ ਵੱਢ ਲਿਆ। ਉਸ ਨੇ ਦੱਸਿਆ ਕਿ ਚੂਹਿਆਂ ਤੋਂ ਪੂਰੇ ਹਸਪਤਾਲ ਵਿੱਚ ਦਾਖ਼ਲ ਮਰੀਜ਼ ਪ੍ਰੇਸ਼ਾਨ ਹਨ ਪਰ ਹਸਪਤਾਲ ਵਾਲੇ ਕੁੱਝ ਨਹੀਂ ਕਰ ਰਹੇ।
ਚੂਹਿਆਂ ਦੀ ਰੋਕਥਾਮ ਲਈ ਮੁਹਿੰਮ ਚਲਾਈ: ਐੱਸਐੱਮਓ
ਮਦਰ ਐਂਡ ਚਾਈਲਡ ਯੂਨਿਟ ਦੇ ਐੱਸਐੱਮਓ ਡਾ. ਦੀਪਿਕਾ ਗੋਇਲ ਨੇ ਕਿਹਾ ਕਿ ਚੂਹਿਆਂ ਦੀ ਰੋਕਥਾਮ ਲਈ ਮੁਹਿੰਮ ਚਲਾਈ ਹੈ। ਇਸ ’ਚ ਪੀਏਯੂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੱਸਿਆ ਦਾ ਜਲਦੀ ਹੱਲ ਕਰ ਲਿਆ ਜਾਵੇਗਾ।