ਪਿੰਡਾਂ ਦੇ ਹਵਾਲੇ ਨਾਲ ਦੇਸ਼ਭਗਤਾਂ ਨਾਲ ਜਾਣ-ਪਛਾਣ
ਗੁਰਦੇਵ ਸਿੰਘ ਸਿੱਧੂ
ਕਿਸੇ ਹਵੇਲੀ ਦੀਆਂ ਮਮਟੀਆਂ ਦੂਰੋਂ ਦਿਸ ਪੈਂਦੀਆਂ ਹਨ, ਪਰ ਇਨ੍ਹਾਂ ਨੂੰ ਖੜ੍ਹੀਆਂ ਰੱਖਣ ਵਾਸਤੇ ਨੀਂਹ ਵਿੱਚ ਲੱਗੀਆਂ ਇੱਟਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਉਂ ਹੀ ਇਤਿਹਾਸਕ ਘਟਨਾਵਾਂ ਦੇ ਕੇਂਦਰ ਵਿੱਚ ਰਹੇ ਆਗੂਆਂ ਦਾ ਜ਼ਿਕਰ ਆਮ ਹੀ ਹੁੰਦਾ ਹੈ, ਪਰ ਉਨ੍ਹਾਂ ਨੂੰ ਇਤਿਹਾਸ ਦਾ ਰੁਖ਼ ਬਦਲਣ ਵਾਲੀਆਂ ਘਟਨਾਵਾਂ ਦੇ ਨਾਇਕ ਬਣਨ ਦਾ ਬਲ ਦੇਣ ਵਾਲੇ ਸਤਹੀ ਪੱਧਰ ਦੇ ਕਾਮਿਆਂ ਦੀਆਂ ਕਰਨੀਆਂ ਅਣਗੌਲੀਆਂ ਰਹਿ ਜਾਂਦੀਆਂ ਹਨ। ਅਜਿਹੇ ਨੀਂਹ ਦੇ ਪੱਥਰਾਂ ਦਾ ਮੁੱਲ ਪਾਉਣ ਵਾਸਤੇ ਸਥਾਨਕ ਇਤਿਹਾਸ ਲਿਖੇ ਜਾਣ ਦੀ ਲੋੜ ਹੈ। ਜਰਨੈਲ ਸਿੰਘ ਅੱਚਰਵਾਲ ਦੀ ਰਚਨਾ ‘ਮਹਾਨ ਦੇਸ਼ ਭਗਤਾਂ ਦੇ ਪਿੰਡ’ (ਕੀਮਤ 300 ਰੁਪਏ; ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ) ਅਜਿਹਾ ਹੀ ਇੱਕ ਯਤਨ ਹੈ ਜਿਸ ਵਿੱਚ ਪਿੰਡ ਦੇ ਹਵਾਲੇ ਨਾਲ ਮੁੱਖ ਤੌਰ ਉੱਤੇ ਉਸ ਪਿੰਡ ਦੇ ਵਸਨੀਕ ਦੇਸ਼ਭਗਤਾਂ ਬਾਰੇ ਚਰਚਾ ਕੀਤੀ ਗਈ ਹੈ। ਲੇਖਕ ਦੀ ਇਹ ਇਸ ਵੰਨਗੀ ਦੀ ਦੂਜੀ ਪੁਸਤਕ ਹੈ, ਪਹਿਲੀ ਪੁਸਤਕ ਦੋ ਦਹਾਕੇ ਪਹਿਲਾਂ ਪ੍ਰਕਾਸ਼ਿਤ ਹੋਈ ‘ਸੰਗਰਾਮੀ ਪਿੰਡ’ ਸੀ।
ਪੁਸਤਕ ਵਿੱਚ ਕੁੱਲ ਨੌਂ ਲੇਖ ਹਨ। ਪ੍ਰਸਿੱਧ ਡਾਕੂ ਮਿਲਖੀ ਸਿੰਘ ਕੁੰਭੜਵਾਲ ਅਤੇ ਬੁੱਤਘਾੜੇ ਤਾਰਾ ਸਿੰਘ ਰਾਏਕੋਟ ਨਾਲ ਮੁਲਾਕਾਤ ਉੱਤੇ ਆਧਾਰਿਤ ਦੋ ਲੇਖਾਂ ਨੂੰ ਛੱਡ ਕੇ ਬਾਕੀ ਸੱਤ ਲੇਖਾਂ ਵਿੱਚੋਂ ਚਾਰ - ਸਰਾਭਾ, ਚੂਹੜਚੱਕ, ਲਤਾਲਾ ਅਤੇ ਨੱਥੋਵਾਲ - ਦਾ ਜ਼ਿਕਰ ਗਦਰੀਆਂ ਅਤੇ ਦੋ - ਠੀਕਰੀਵਾਲ ਅਤੇ ਭੋਤਨਾ - ਦਾ ਜ਼ਿਕਰ ਪਰਜਾ ਮੰਡਲ ਲਹਿਰ ਦੇ ਦੇਸ਼ਭਗਤਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਸੱਤਵੇਂ ਜਗਰਾਉਂ ਦਾ ਨਾਮਕਰਨ ਬੇਸ਼ੱਕ ਇੱਥੋਂ ਦੇ ਮਸ਼ਹੂਰ ਮੇਲੇ ਰੋਸ਼ਨੀ ਉੱਤੇ ਆਧਾਰਿਤ ਹੈ, ਪਰ ਇਸ ਵਿੱਚ ਵੀ ਤਿੰਨ ਗਦਰੀਆਂ- ਬਾਬਾ ਅਰਜਨ ਸਿੰਘ, ਸ਼ਹੀਦ ਹਾਫਿਜ਼ ਮੁਹੰਮਦ ਅਬਦੁੱਲਾ ਅਤੇ ਬਾਬਾ ਰੋਡੂ ਸਿੰਘ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਪਿੰਡ ਸਰਾਭਾ ਵਾਲੇ ਲੇਖ ਵਿੱਚ ਅਮਰ ਸਿੰਘ, ਨਰੰਗ ਸਿੰਘ, ਕੁੰਦਨ ਸਿੰਘ ਅਤੇ ਸ਼ੇਰਾ ਸਿੰਘ, ਪਿੰਡ ਚੂਹੜਚੱਕ ਵਾਲੇ ਲੇਖ ਵਿੱਚ ਬਾਬਾ ਚੰਨਣ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਭਾਨ ਸਿੰਘ ਆਦਿ ਅਜਿਹੇ ਗਦਰੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ਬਾਰੇ ਆਮ ਪੰਜਾਬੀਆਂ ਨੂੰ ਤਾਂ ਕੀ ਜਾਣਕਾਰੀ ਹੋਣੀ ਸੀ, ਉਨ੍ਹਾਂ ਦੇ ਪਿੰਡ ਵਾਲੇ ਵੀ ਭੁੱਲ ਭੁਲਾ ਚੁੱਕੇ ਹਨ। ਬਾਕੀ ਪਿੰਡਾਂ ਵਿੱਚੋਂ ਵੀ ਚਰਚਿਤ ਦੇਸ਼ਭਗਤਾਂ ਦੇ ਨਾਲ ਗਦਰ ਲਹਿਰ, ਅਕਾਲੀ ਲਹਿਰ ਅਤੇ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਘੋਲ ਘੁਮਾਉਣ ਵਾਲੇ ਹੁਣ ਤੱਕ ਅਣਗੌਲੇ ਦੇਸ਼ਭਗਤਾਂ ਬਾਰੇ ਵੇਰਵਾ ਦਿੱਤਾ ਗਿਆ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਸਰਹੱਦਾਂ ਦੀ ਰਾਖੀ ਵਾਸਤੇ ਦੁਸ਼ਮਣ ਨਾਲ ਦੋ ਹੱਥ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਫ਼ੌਜੀਆਂ ਨੂੰ ਯਾਦ ਕੀਤਾ ਗਿਆ ਹੈ।
ਪੁਸਤਕ ਲਿਖਣ ਦੇ ਮਨੋਰਥ ਬਾਰੇ ਲੇਖਕ ਦਾ ਕਹਿਣਾ ਹੈ, ‘‘ਮੈਂ ਪਿੰਡਾਂ ਬਾਰੇ ਜੋ ਲਿਖਿਆ ਹੈ ਉਹ ਇਤਿਹਾਸਕ ਰੋਸ਼ਨੀ ਵਿੱਚ ਲਿਖਿਆ ਹੈ, ਪਰ ਇਸ ਕਿਤਾਬ ਨੂੰ ਪਿੰਡਾਂ ਦਾ ਇਤਿਹਾਸ ਨਹੀਂ ਕਿਹਾ ਜਾ ਸਕਦਾ। ਇਹ ਤਾਂ ਸਿਰਫ਼ ਪਿੰਡਾਂ ਬਾਰੇ ਇਤਿਹਾਸ ਪੜ੍ਹਨ ਦੀ ਚੇਟਕ ਪੈਦਾ ਕਰਨਾ ਹੈ।’’ ਨਿਸ਼ਚੇ ਹੀ ਲੇਖਕ ਇਸ ਮਨੋਰਥ ਦੀ ਪ੍ਰਾਪਤੀ ਵਿੱਚ ਸਫਲ ਹੋਇਆ ਹੈ ਅਤੇ ਪੁਸਤਕ ਪੜ੍ਹਨ ਪਿੱਛੋਂ ਪਾਠਕ ਆਪਣੇ ਪਿੰਡ ਦੇ ਇਤਿਹਾਸ-ਸਿਰਜਕਾਂ, ਭਾਵੇਂ ਉਨ੍ਹਾਂ ਦਾ ਯੋਗਦਾਨ ਹੇਠਲੀ ਪੱਧਰ ਉੱਤੇ ਹੀ ਹੋਵੇ, ਬਾਰੇ ਜਾਣਨ ਬਾਰੇ ਉਤਸੁਕ ਹੋਣਗੇ। ਪਰ ਪੁਸਤਕ ਵਿੱਚ ਦਰਜ ਇਤਿਹਾਸਕ ਉਕਾਈਆਂ ਰੜਕਦੀਆਂ ਹਨ। ਉਦਾਹਰਨ ਵਜੋਂ, ਲੇਖਕ ਨੇ ਪੁਸਤਕ ਵਿੱਚ ਕਾਮਾਗਾਟਾ ਮਾਰੂ ਜਹਾਜ਼ ਨੂੰ ਅਮਰੀਕਾ ਗਿਆ ਦੱਸਿਆ ਹੈ ਜਿੱਥੇ ਉਹ ਗਿਆ ਹੀ ਨਹੀਂ। ਅਕਾਲੀ ਦਲ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਖ਼ਬਾਰ ਦਾ ਨਾਂ ‘ਅਕਾਲੀ ਪੱਤ੍ਰਕਾ’ ਨਹੀਂ, ‘ਅਕਾਲੀ’ ਸੀ। ਤੇਜਾ ਸਿੰਘ ਸਫਰੀ ਵੱਲੋਂ 1928 ਵਿੱਚ ਕਲਕੱਤੇ ਤੋਂ ਅਖ਼ਬਾਰ ‘ਕਵੀ ਕੁਟੀਆ’ ਸ਼ੁਰੂ ਕਰਨਾ ਲਿਖਿਆ ਹੈ, ਪਰ ‘ਕਵੀ ਕੁਟੀਆ’ ਮੁਨਸ਼ਾ ਸਿੰਘ ਦੁਖੀ ਵੱਲੋਂ ਬਣਾਈ ਸੰਸਥਾ ਸੀ ਜਿਸ ਨੇ ‘ਕਵੀ’ ਨਾਂ ਦਾ ਮਾਸਿਕ ਰਸਾਲਾ ਕੱਢਿਆ।1924 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਪੰਜ ਪੈਸਾ ਫੰਡ’ ਅਪੀਲ ਜਾਰੀ ਕੀਤੀ ਸੀ। ਪੁਸਤਕ ਵਿੱਚ ਇਸ ਨੂੰ ਗੁਰੂ ਰਾਮਦਾਸ ਸਰਾਂ ਦੀ ਉਸਾਰੀ ਲਈ ਕੀਤੀ ਅਪੀਲ ਲਿਖਿਆ ਹੈ। ਦਰਅਸਲ, ਇਸ ਅਪੀਲ ਪਿਛਲਾ ਕਾਰਨ ਇਹ ਨਹੀਂ ਸੀ। ਜੈਤੋ ਦੇ ਮੋਰਚੇ ਦੀ ਚੜ੍ਹਤ ਵੇਖ ਕੇ ਤਤਕਾਲੀ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਗ਼ੈਰ-ਕਾਨੂੰਨੀ ਜਥੇਬੰਦੀਆਂ ਤਾਂ ਐਲਾਨ ਦਿੱਤਾ, ਪਰ ਸਿੱਖ ਜਨਤਾ ਨੇ ਇਨ੍ਹਾਂ ਨੂੰ ਮੋਰਚੇ ਦੇ ਖਰਚਿਆਂ ਦੀ ਪੂਰਤੀ ਵਾਸਤੇ ਆਰਥਿਕ ਮਦਦ ਦੇਣੀ ਪਹਿਲਾਂ ਵਾਂਗ ਹੀ ਜਾਰੀ ਰੱਖੀ। ਇਸ ਨੂੰ ਰੋਕਣ ਵਾਸਤੇ ਸਰਕਾਰ ਨੇ ਗ਼ੈਰ-ਕਾਨੂੰਨੀ ਜਥੇਬੰਦੀ ਨੂੰ ਮਾਇਕ ਸਹਾਇਤਾ ਦੇਣ ਨੂੰ ਵੀ ਜੁਰਮ ਐਲਾਨ ਦਿੱਤਾ ਜਿਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਕਮੇਟੀ ਨੇ ਇਹ ਅਪੀਲ ਜਾਰੀ ਕੀਤੀ ਜਿਸ ਉੱਤੇ ਸਿੱਖਾਂ ਨੇ ਬਿਨਾਂ ਕਿਸੇ ਡਰ ਭਉ ਦੇ ਫੁੱਲ ਚੜ੍ਹਾਏ।ਇਸ ਤਰ੍ਹਾਂ ਪੁਸਤਕ ਵਿੱਚ ਤੱਥਾਂ ਅਤੇ ਤਿੱਥਾਂ ਦੀਆਂ ਗ਼ਲਤੀਆਂ ਪਾਠਕ ਨੂੰ ਭੰਬਲਭੂਸੇ ਵਿੱਚ ਪਾਉਣ ਦਾ ਕਾਰਨ ਬਣ ਸਕਦੀਆਂ ਹਨ। ਲੇਖਕ ਨੂੰ ਨਿਮਰ ਸੁਝਾਅ ਹੈ ਕਿ ਅਗਲੇ ਐਡੀਸ਼ਨ ਵਿੱਚ ਲੋੜ ਅਨੁਸਾਰ ਦਰੁਸਤੀਆਂ ਕਰ ਲਵੇ ਤਾਂ ਪੁਸਤਕ ਦੀ ਕਦਰ ਵਿੱਚ ਵਾਧਾ ਹੋਵੇਗਾ।
ਸੰਪਰਕ: 94170-49417