ਚੋਰੀ ਦੀ ਬਿਜਲੀ ਨਾਲ ‘ਠੰਢ’ ਮਾਣ ਰਹੇ ਨੇ ਅੰਤਰਰਾਜੀ ਨਾਕੇ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ/ਲੰਬੀ, 26 ਜੁਲਾਈ
ਸੂਬੇ ਵਿੱਚ ਕਰੋਨਾ ਨਾਲ ਸਬੰਧਤ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਚੋਰੀ ਦੀ ਬਿਜਲੀ ਨਾਲ ਮਹਾਮਾਰੀ ਖ਼ਿਲਾਫ਼ ਜੰਗ ਲੜ ਰਹੀ ਹੈ। ਪੰਜਾਬ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਅਤੇ ਮੰਡੀ ਕਿੱਲਿਆਂਵਾਲੀ ਹੱਦ ’ਤੇ ਕਰੋਨਾ ਬਾਰਡਰ ਚੈੱਕ ਪੋਸਟਾਂ ਕੁੰਡੀ ਕੁਨੈਕਸ਼ਨਾਂ ਦੀ ਬਿਜਲੀ ਨਾਲ ਜਗਮਗਾ ਰਹੀਆਂ ਹਨ ਤੇ ਵੱਡੇ ਪੱਧਰ ’ਤੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਡੂਮਵਾਲੀ ਹੱਦ ਚੈੱਕ ਪੋਸਟ ’ਤੇ ਇੱਕ ਕੈਬਨਿ ਵਿੱਚ ਕਰੀਬ ਡੇਢ ਟਨ ਦਾ ਏਸੀ ਅਤੇ ਕਈ ਪੱਖੇ ਦਨਿ ਰਾਤ ਚੱਲਦੇ ਹਨ। ਇਸੇ ਤਰ੍ਹਾਂ ਮੰਡੀ ਕਿੱਲਿਆਂਵਾਲੀ ਚੈੱਕ ਪੋਸਟ ’ਤੇ ਕਈ ਕੂਲਰ, ਪੱਖੇ, ਲਾਈਟਾਂ ਅਤੇ ਸੀਸੀਟੀਵੀ ਕੈਮਰੇ ਬਿਜਲੀ ਦੇ ਖੰਭੇ ’ਤੇ ਕੁੰਡੀਆਂ ਲਾ ਕੇ ਚਲਾਏ ਜਾ ਰਹੇ ਹਨ। ਦੋਵੇਂ ਨਾਕੇ ਸਿੱਧੇ ਤੌਰ ‘ਤੇ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੀ ਦੇਖ-ਰੇਖ ਹੇਠ ਕਾਰਜਸ਼ੀਲ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ ਕਰੋਨਾ ਕਾਰਨ ਸਥਾਪਿਤ ਅੰਤਰਰਾਜੀ ਚੈੱਕ ਪੋਸਟਾਂ ਤੋਂ ਇਲਾਵਾ ਮੁੱਖ ਮਾਰਗਾਂ ਅਤੇ ਪੇਂਡੂ ਪੁਲੀਸ ਨਾਕਿਆਂ ’ਤੇ ਖੁੱਲ੍ਹੇਆਮ ਬਿਜਲੀ ਚੋਰੀ ਹੋ ਰਹੀ ਹੈ। ਡੂਮਵਾਲੀ ਚੈੱਕ ਪੋਸਟ ’ਤੇ 11 ਹਜ਼ਾਰ ਕੇ.ਵੀ. ਵੋਲਟੇਜ਼ ਵਾਲੇ ਖੰਭਿਆਂ ਤੋਂ ਤਾਰ ਲੰਘਾ ਕੌਮੀ ਮਾਰਗ ਪਾਰ ਛੋਟੀ ਲਾਈਨ ਤੱਕ ਲਿਜਾ ਕੇ ਕੁੰਡੀ ਲਗਾਈ ਗਈ ਹੈ। ਉਧਰ ਅਜਿਹਾ ਹੀ ਹਾਲ ਮੰਡੀ ਕਿੱਲਿਆਂਵਾਲੀ ਵਿੱਚ ਰਜਵਾਹੇ ’ਤੇ ਸਥਿਤ ਅੰਤਰਰਾਜੀ ਪੁਲੀਸ ਨਾਕੇ ਦਾ ਹੈ।
ਮਲੋਟ ਸਬ-ਡਿਵੀਜ਼ਨ ਪੱਧਰ ’ਤੇ ਨਾਕਿਆਂ ਦਾ ਪ੍ਰਬੰਧ: ਡੀਸੀ
ਇਸ ਸਬੰਧੀ ਡੂਮਵਾਲੀ ਨਾਕੇ ’ਤੇ ਤਾਇਨਾਤ ਸੰਗਤ ਦੇ ਬੀਡੀਪੀਓ ਗੁਰਤੇਗ ਸਿੰਘ ਨੇ ਚੈੱਕ ਪੋਸਟ ਦੀ ਬਿਜਲੀ ਬਾਰੇ ਪੁੱਛੇ ਜਾਣ ‘ਤੇ ਆਖਿਆ ਕਿ ਬਿਜਲੀ ਮੀਟਰ ਤੋਂ ਆਉਂਦੀ ਹੋਣੀ, ਕਿਉਂਕਿ ਉਨ੍ਹਾਂ ਦੀ ਡਿਊਟੀ ਥੋੜ੍ਹਾ ਸਮਾਂ ਪਹਿਲਾਂ ਹੀ ਇਥੇ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਦੂਜੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਨੇ ਕਿਹਾ ਕਿ ਨਾਕਿਆਂ ਦੇ ਪ੍ਰਬੰਧ ਮਲੋਟ ਸਬ-ਡਿਵੀਜ਼ਨ ਪੱਧਰ ’ਤੇ ਹਨ ਅਤੇ ਮਲੋਟ ਦੇ ਐੱਸਡੀਐੱਮ ਗੋਪਾਲ ਸਿੰਘ ਨੇ ਕਿਹਾ ਕਿ ਕਿੱਲਿਆਂਵਾਲੀ ਵਿੱਚ ਪੁਲੀਸ ਨਾਕਾ ਪਹਿਲਾਂ ਤੋਂ ਚੱਲ ਰਿਹਾ ਹੈ। ਪਾਵਰਕੌਮ ਸਬ-ਡਿਵੀਜ਼ਨ ਡੱਬਵਾਲੀ ਦੇ ਐੱਸਡੀਓ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਾਵਰਕੌਮ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਨਾਕਿਆਂ ‘ਤੇ ਮੀਟਰ ਲਗਵਾਉਣ ਲਈ ਕਈ ਵਾਰ ਆਖਿਆ ਗਿਆ ਹੈ, ਪਰ ਹਾਲੇ ਤੱਕ ਕੀਤੀ ਕੋਈ ਕੋਸ਼ਿਸ਼ ਸਾਹਮਣੇ ਨਹੀਂ ਆਈ।