ਕ੍ਰਿਕਟ ਵਿਸ਼ਵ ਕੱਪ ਦੌਰਾਨ ਅੰਤਰਰਾਜੀ ਸੱਟੇਬਾਜ਼ੀ ਗਰੋਹ ਦਾ ਪਰਦਾਫਾਸ਼
ਐੱਨ.ਪੀ. ਧਵਨ
ਪਠਾਨਕੋਟ, 3 ਨਵੰਬਰ
ਸਥਾਨਕ ਪੁਲੀਸ ਨੇ ਕ੍ਰਿਕਟ ਵਿਸ਼ਵ ਕੱਪ ਨਾਲ ਜੁੜੇ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੇ ਅੰਤਰਰਾਜੀ ਸੱਟੇਬਾਜ਼ੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਛਾਪੇ ਦੌਰਾਨ ਸੱਟਾ ਲਗਾ ਰਹੇ ਅੱਠ ਵਿਅਕਤੀਆਂ ਨੂੰ ਸਾਮਾਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਨੀ ਮਹਾਜਨ ਉਰਫ ਸਨੀ ਵਾਸੀ ਕਾਜ਼ੀਆਂ ਮੁਹੱਲਾ, ਵਰਿੰਦਰ ਜੋਸ਼ੀ ਉਰਫ ਬਿੰਟਾ ਵਾਸੀ ਅਬਰੋਲ ਨਗਰ ਬਲਵਾਨ ਕਲੋਨੀ, ਕਾਮੇਸ਼ਵਰ ਉਰਫ਼ ਰਿੰਟੂ ਵਾਸੀ ਮੁਹੱਲਾ ਆਨੰਦਪੁਰ ਰੜ੍ਹਾ, ਸਾਹਿਲ ਮਹਾਜਨ ਵਾਸੀ ਮੁਹੱਲਾ ਜਿੰਦੜੀਆਂ, ਅਨੂਪ ਸ਼ਰਮਾ ਉਰਫ ਅੱਬੂ ਵਾਸੀ ਮੁਹੱਲਾ ਜਿੰਦੜੀਆਂ ਤੇ ਬਲਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਸਾਰੇ ਵਾਸੀਆਨ ਪਠਾਨਕੋਟ, ਰਾਹੁਲ ਗੋਸਾਈਂ ਵਾਸੀ ਜਲੰਧਰ ਤੇ ਗੋਵਿੰਦ ਗਿਰੀ ਵਾਸੀ ਕੋਠੇ ਮਨਵਾਲ ਵਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਕੋਠੀ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਪੰਜ ਘੰਟੇ ਚੱਲੀ ਜਾਂਚ ਮਗਰੋਂ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਹ ਸਾਰੇ ਮੁਲਜ਼ਮ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਣੇ ਹੋਰ ਰਾਜਾਂ ਤੋਂ ਇਕ ਮੋਬਾਈਲ ਐਪਲੀਕੇਸ਼ਨ ਰਾਹੀਂ ਸੱਟਾ ਲਗਾ ਰਹੇ ਸਨ। ਜ਼ਬਤ ਕੀਤੇ ਗਏ ਸਾਮਾਨ ਵਿੱਚ ਤਿੰਨ ਲੈਪਟਾਪ, ਸੱਟੇਬਾਜ਼ੀ ਐਕਸਚੇਂਜ ਪ੍ਰਣਾਲੀ ਵਿੱਚ ਏਕੀਕ੍ਰਤਿ ਅੱਠ ਮੋਬਾਈਲ ਉਪਕਰਨ, ਸੱਟੇਬਾਜ਼ੀ ਲਈ ਵਿਸ਼ੇਸ਼ ਤੌਰ ’ਤੇ ਸਮਰਪਤਿ 20 ਮੋਬਾਈਲ ਫੋਨ, ਇਕ ਰਿਕਾਰਡਰ, ਪੰਜ ਰਜਿਸਟਰ ਅਤੇ 11.50 ਲੱਖ ਰੁਪਏ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਥਾਰ (ਜੀਪ), ਫੋਰਡ ਫੀਗੋ ਕਾਰ ਸਣੇ ਕੁੱਲ ਸੱਤ ਲਗਜ਼ਰੀ ਵਾਹਨ ਜ਼ਬਤ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ਾਹਪੁਰਕੰਡੀ ਵਿੱਚ ਕੇਸ ਦਰਜ ਕੀਤਾ ਗਿਆ ਹੈ।