ਕਰੋੜਾਂ ਰੁਪਏ ਲੁੱਟਣ ਵਾਲਾ ਅੰਤਰਰਾਜੀ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਜ਼ਿਲ੍ਹਾ ਪੁਲੀਸ ਦੀ ਅਪਰਾਧ ਸ਼ਾਖਾ ਇਕ ਦੀ ਟੀਮ ਨੇ ਉੱਤਰਾਖੰਡ ਪੁਲੀਸ ਨਾਲ ਮਿਲ ਕੇ ਕਈ ਸੂਬਿਆਂ ਵਿਚ ਕਰੋੜਾਂ ਰੁਪਏ ਦੀਆਂ ਲੁੱਟਾਂ ਖੋਹਾਂ ਕਰਨ ਵਾਲੇ ਮੁਲਜ਼ਮ ਰਾਹੁਲ ਵਾਸੀ ਬੇਗੂ ਸਰਾਏ ਬਿਹਾਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ 2023 ਵਿੱਚ ਮੁਲਜ਼ਮਾਂ ਨੇ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਰਿਲਾਇੰਸ ਜਵੈਲਰ ਦੇ ਸ਼ੋਅ ਰੂਮ ਵਿੱਚੋਂ ਕਰੀਬ 14.5 ਕਰੋੜ ਰੁਪਏ ਦੀ ਲੁੱਟ ਕੀਤੀ ਸੀ। ਇਸ ਲੁੱਟ ਵਿਚ ਰਾਹੁਲ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਸਬੰਧੀ ਉਤਰਾਖੰਡ ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਸੀ। ਉਤਰਾਖੰਡ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਲੁਕਿਆ ਹੋਇਆ ਹੈ। ਇਸ ਸਬੰਧੀ ਉਤਰਾਖੰਡ ਪੁਲੀਸ ਨੇ ਕੁਰੂਕਸ਼ੇਤਰ ਪੁਲੀਸ ਤੋਂ ਮਦਦ ਮੰਗੀ। ਗੁਪਤ ਸੂਚਨਾ ਦੇ ਆਧਾਰ ’ਤੇ ਦੋਵਾਂ ਸੂਬਿਆਂ ਦੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਸਾਂਝਾ ਅਪਰੇਸ਼ਨ ਚਲਾਇਆ। ਪੁਲੀਸ ਟੀਮਾਂ ਨੇ ਮੁਲਜ਼ਮ ਰਾਹੁਲ ਵਾਸੀ ਬੇਗੂ ਸਰਾਏ ਬਿਹਾਰ ਨੂੰ ਅਮੀਨ ਰੋਡ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਖ਼ਿਲਾਫ਼ ਪੱਛਮੀ ਬੰਗਾਲ, ਉਤਰਾਖੰਡ, ਬਿਹਾਰ ਵਿੱਚ ਲੁੱਟ ਖੋਹ ਦੇ ਕਈ ਕੇਸ ਦਰਜ ਹਨ। ਇਸ ਸਬੰਧੀ ਉਤਰਾਖੰਡ ਪੁਲੀਸ ਨੇ ਮੁਲਜ਼ਮਾਂ ’ਤੇ 1-1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਮੁਲਜ਼ਮਾਂ ਨੇ 2023 ਵਿੱਚ ਪੱਛਮੀ ਬੰਗਾਲ ਦੇ ਰਾਏਗੜ੍ਹ ਤੋਂ ਰਿਲਾਇੰਸ ਜਵੈਲਰ ਦੇ ਸ਼ੋਅਰੂਮ ਤੋਂ 25 ਕਰੋੜ ਰੁਪਏ ਲੁੱਟੇ ਸਨ। ਇਸ ਤੋਂ ਇਲਾਵਾ ਉਨ੍ਹਾਂ ’ਤੇ ਬਿਹਾਰ ਵਿੱਚ ਲੁੱਟ ਖੋਹ ਤੇ ਜਬਰੀ ਵਸੂਲੀ ਦੇ 13 ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਚਾਰ ਕੇਸਾਂ ਵਿਚ ਮੁਲਜ਼ਮ ਲੋੜੀਂਦਾ ਸੀ।