ਵਿਜੀਲੈਂਸ ਵੱਲੋਂ ਜਗੀਰ ਕੌਰ ਤੋਂ ਪੁੱਛ-ਪੜਤਾਲ
ਪੱਤਰ ਪ੍ਰੇਰਕ
ਜਲੰਧਰ, 7 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਜੀਲੈਂਸ ਦੇ ਰਾਡਾਰ ’ਤੇ ਹਨ। ਕੱਲ੍ਹ ਵਿਜੀਲੈਂਸ ਟੀਮ ਨੇ ਬੀਬੀ ਜਗੀਰ ਕੌਰ ਦੇ ਬੇਗੋਵਾਲ ਡੇਰੇ ’ਤੇ ਛਾਪਾ ਮਾਰਿਆ। ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੇ ਛਾਪੇ ਦੀ ਪੁਸ਼ਟੀ ਕੀਤੀ ਹੈ। ਬੀਬੀ ਜਗੀਰ ਕੌਰ ਸੰਤ ਪ੍ਰੇਮ ਸਿੰਘ ਮੁਰਾਲੇ ਡੇਰੇ ਦੇ ਮੁੱਖ ਸੇਵਾਦਾਰ ਵੀ ਹਨ। ਵਿਜੀਲੈਂਸ ਦੀ ਟੀਮ ਨੇ ਬੇਗੋਵਾਲ ਡੇਰੇ ’ਤੇ ਪਹੁੰਚ ਕੇ ਨਗਰ ਪੰਚਾਇਤ ਦੀ ਸਰਕਾਰੀ ਜ਼ਮੀਨ ’ਤੇ ਹੋਏ ਕਬਜ਼ੇ ਬਾਰੇ ਕਰੀਬ ਦੋ ਘੰਟੇ ਪੁੱਛ-ਪੜਤਾਲ ਕੀਤੀ। ਇਹ ਮਾਮਲਾ ਨਗਰ ਪੰਚਾਇਤ ਬੇਗੋਵਾਲ ਨਾਲ ਸਬੰਧਤ ਹੈ। ਉਧਰ ਭੁਲੱਥ ਦੇ ਡੀਐੱਸਪੀ ਭਾਰਤ ਭੂਸ਼ਨ ਸੈਣੀ ਨੇ ਵੀ ਵਿਜੀਲੈਂਸ ਟੀਮ ਦੇ ਆਉਣ ਦੀ ਗੱਲ ਆਖੀ ਪਰ ਉਨ੍ਹਾਂ ਇਸ ਗੱਲ ਤੋਂ ਅਗਿਆਨਤਾ ਪ੍ਰਗਟਾਈ ਕਿ ਟੀਮ ਦੀ ਅਗਵਾਈ ਕੌਣ ਕਰ ਰਿਹਾ ਸੀ। ਜਾਣਕਾਰੀ ਅਨੁਸਾਰ 28 ਅਗਸਤ 2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਛੇ ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਬੇਗੋਵਾਲ ਦੇ ਵਾਰਡ ਨੰਬਰ-12 ਵਸਨੀਕ ਜੌਰਜ ਸ਼ੁਭ ਉਰਫ਼ ਕਮਲ ਨੇ ਦੱਸਿਆ ਕਿ ਉਸ ਨੇ ਅਗਸਤ 2009 ਵਿੱਚ ਬੀਬੀ ਜਗੀਰ ਕੌਰ ਵੱਲੋਂ ਬਣਾਏ ਸੰਤ ਪ੍ਰੇਮ ਸਿੰਘ ਖ਼ਾਲਸਾ ਹਾਈ ਸਕੂਲ ਬੇਗੋਵਾਲ ਤੇ ਆਸ-ਪਾਸ ਨਗਰ ਪੰਚਾਇਤ ਦੀ ਕਰੀਬ 22 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ 2011 ਵਿੱਚ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ ਇਹ ਮਾਮਲਾ ਲੋਕਪਾਲ ਕੋਲ ਉਠਾਇਆ ਪਰ ਜਦੋਂ ਇੱਥੇ ਵੀ ਕੋਈ ਸੁਣਵਾਈ ਨਾ ਹੋਈ ਤਾਂ 2014 ਵਿੱਚ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ।