For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੇ ਪੀਏ ਤੇ ਦੁਰਗੇਸ਼ ਪਾਠਕ ਕੋਲੋਂ ਪੁੱਛ-ਪੜਤਾਲ

07:01 AM Apr 09, 2024 IST
ਕੇਜਰੀਵਾਲ ਦੇ ਪੀਏ ਤੇ ਦੁਰਗੇਸ਼ ਪਾਠਕ ਕੋਲੋਂ ਪੁੱਛ ਪੜਤਾਲ
ਈਡੀ ਅੱਗੇ ਪੇਸ਼ੀ ਲਈ ਜਾਂਦੇ ਹੋਏ ‘ਆਪ’ ਆਗੂ ਦੁਰਗੇਸ਼ ਪਾਠਕ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਕੋਲੋਂ ਪੁੱਛ-ਪੜਤਾਲ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਦੇ ਪੀਏ ਅਤੇ ਵਿਧਾਇਕ ਦੇ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੇ ਪ੍ਰਬੰਧਾਂ ਹੇਠ ਦਰਜ ਕੀਤੇ ਗਏ ਹਨ। ਈਡੀ ਵੱਲੋਂ ਇਸ ਮਾਮਲੇ ਵਿੱਚ ਇਨ੍ਹਾਂ ਦੋਹਾਂ ਕੋਲੋਂ ਪਹਿਲਾਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਕੁਮਾਰ ਕੋਲੋਂ ਪੁੱਛ-ਪੜਤਾਲ ਜ਼ਰੂਰੀ ਹੈ। ਮੁੱਖ ਮੰਤਰੀ ਕੇਜਰੀਵਾਲ (55), ‘ਆਪ’ ਦੇ ਕੌਮੀ ਕਨਵੀਨਰ ਵੀ ਹਨ ਅਤੇ ਉਨ੍ਹਾਂ ਨੂੰ ਪਿਛਲੇ ਮਹੀਨੇ ਇਸ ਮਾਮਲੇ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਏਜੰਸੀ ਨੇ ਆਪਣੇ ਪਹਿਲਾਂ ਦੇ ਦੋਸ਼ ਪੱਤਰਾਂ ਵਿੱਚ ਦੋਸ਼ ਲਾਇਆ ਸੀ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕੁਮਾਰ ਸਣੇ ਘੱਟੋ-ਘੱਟ 36 ਮੁਲਜ਼ਮਾਂ ਨੇ ਕਥਿਤ ਘੁਟਾਲੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ‘ਰਿਸ਼ਵਤ’ ਦੇ ਸਬੂਤ ਛੁਪਾਉਣ ਲਈ 170 ਫੋਨ ‘‘ਨਸ਼ਟ ਕੀਤੇ, ਇਸਤੇਮਾਲ ਕੀਤੇ ਜਾਂ ਬਦਲ ਦਿੱਤੇ।’’ ਪਿਛਲੇ ਸਾਲ ਇਕ ਸਥਾਨਕ ਅਦਾਲਤ ਵਿੱਚ ਦਾਖ਼ਲ ਈਡੀ ਦੇ ਦੋਸ਼ ਪੱਤਰ ਮੁਤਾਬਕ, ਬਿਭਵ ਦੇ ਮੋਬਾਈਲ ਨੰਬਰ ਦਾ ਆਈਐੱਮਈਆਈ (ਇੰਟਰਨੈਸ਼ਨਲ ਮੋਬਾਈਲ ਇਕੁਅਪਮੈਂਟ ਆਇਡੈਂਟਿਟੀ) ਸਤੰਬਰ 2021 ਅਤੇ ਜੁਲਾਈ 2022 ਵਿਚਾਲੇ ਚਾਰ ਵਾਰ ਬਦਲਿਆ। ਸਮਝਿਆ ਜਾਂਦਾ ਹੈ ਕਿ ਰਾਜਿੰਦਰ ਨਗਰ ਹਲਕੇ ਤੋਂ ‘ਆਪ’ ਦੇ ਵਿਧਾਇਕ ਪਾਠਕ (35) ਨੂੰ ਏਜੰਸੀ ਨੇ ਗੋਆ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ 2021-22 ਦੀ ਚੋਣ ਮੁਹਿੰਮ ਦੇ ਸਬੰਧ ਵਿੱਚ ਪੁੱਛ-ਪੜਤਾਲ ਲਈ ਸੱਦਿਆ ਸੀ। ਈਡੀ ਨੇ ਦੋਸ਼ ਲਾਇਆ ਹੈ ਕਿ ‘ਸਾਊਥ ਗਰੁੱਪ’ ਵੱਲੋਂ ਪ੍ਰਦਾਨ ਕੀਤੀ ਗਈ 100 ਕਰੋੜ ਰੁਪਏ ਦੀ ‘ਰਿਸ਼ਵਤ’ ਵਿੱਚੋਂ 45 ਕਰੋੜ ਰੁਪਏ ਦਾ ਇਸਤੇਮਾਲ ‘ਆਪ’ ਵੱਲੋਂ ਇਸ ਪ੍ਰਚਾਰ ਮੁਹਿੰਮ ਲਈ ਕੀਤਾ ਗਿਆ ਸੀ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਵਿਜੈ ਨਾਇਰ ਅਤੇ ਪਾਠਕ ਵਰਗੇ ‘ਆਪ’ ਮੈਂਬਰਾਂ ਵੱਲੋਂ ਪ੍ਰਬੰਧਤ ਪ੍ਰਚਾਰ ਮੁਹਿੰਮ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਨਕਦ ਅਦਾਇਗੀ ਕੀਤੀ ਗਈ ਸੀ। ਏਜੰਸੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਗੋਆ ਚੋਣਾਂ ਦੌਰਾਨ ‘ਆਪ’ ਦੀ ਚੋਣ ਪ੍ਰਚਾਰ ਮੁਹਿੰਮ ਸਬੰਧੀ ਗਤੀਵਿਧੀਆਂ ’ਚ ਸ਼ਾਮਲ ਵੱਖ-ਵੱਖ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ ਅਤੇ ਇਹ ਪਾਇਆ ਗਿਆ ਕਿ ਸਰਵੇਖਣ ਕਾਰਕੁਨਾਂ, ਖੇਤਰੀ ਪ੍ਰਬੰਧਕਾਂ, ਅਸੈਂਬਲੀ ਪ੍ਰਬੰਧਕਾਂ ਆਦਿ ਵਰਗੇ ਕੰਮਾਂ ਲਈ ਉਨ੍ਹਾਂ ਨੂੰ ਨਕਦ ਭੁਗਤਾਨ ਕੀਤਾ ਗਿਆ ਸੀ।’’ ਈਡੀ ਨੇ ਕਿਹਾ ਸੀ, ‘‘ਚੋਣ ਪ੍ਰਚਾਰ ਮੁਹਿੰਮ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਅਤੇ ਗਤੀਵਿਧੀਆਂ ਨੂੰ ਸਮੁੱਚੇ ਤੌਰ ’ਤੇ ਵਿਜੈ ਨਾਇਰ (ਇਸ ਮਾਮਲੇ ਵਿੱਚ ਗ੍ਰਿਫ਼ਤਾਰ ‘ਆਪ’ ਦੇ ਸਾਬਕਾ ਸੰਚਾਰ ਮੁਖੀ) ਅਤੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਵੱਲੋਂ ਪ੍ਰਬੰਧਤ ਕੀਤਾ ਗਿਆ ਸੀ।’’ ਆਬਕਾਰੀ ਮਾਮਲਾ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਨਾਲ ਸਬੰਧਤ ਹੈ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ਰਾਬ ਨੀਤੀ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਕਥਿਤ ਅਨਿਯਮਤਾਵਾਂ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ। ਇਸ ਤੋਂ ਬਾਅਦ ਈਡੀ ਨੇ ਪੀਐੱਮਐੱਲਏ ਤਹਿਤ ਇਕ ਕੇਸ ਦਰਜ ਕੀਤਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×