Internet services restored: ਸੰਭਲ ਹਿੰਸਾ: ਇੰਟਰਨੈੱਟ ਸੇਵਾਵਾਂ ਬਹਾਲ
ਸੰਭਲ/ਲਖਨਊ:, 29 ਨਵੰਬਰ
Internet services restored: ਉੱਤਰ ਪ੍ਰਦੇਸ਼ ਦੇ ਸੰਭਲ ਵਿਚ ਹਿੰਸਾ ਤੋਂ ਬਾਅਦ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਖੇਤਰ ਵਿਚ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਸੂਚਨਾ ਅਫਸਰ ਬ੍ਰਿਜੇਸ਼ ਕੁਮਾਰ ਨੇ ਦਿੱਤੀ। ਇਹ ਫੈਸਲਾ ਸ਼ਾਹੀ ਜਾਮਾ ਮਸਜਿਦ ਅਤੇ ਜ਼ਿਲ੍ਹੇ ਦੀਆਂ ਹੋਰ ਥਾਵਾਂ ’ਤੇ ਸ਼ੁੱਕਰਵਾਰ ਦੀ ਨਮਾਜ਼ ਦੇ ਸ਼ਾਂਤੀਪੂਰਵਕ ਸਮਾਪਤ ਹੋਣ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ ਜਿੱਥੇ ਮੁਗਲ-ਯੁੱਗ ਦੀ ਮਸਜਿਦ ਦੇ ਸਰਵੇਖਣ ਤੋਂ ਬਾਅਦ ਹਿੰਸਾ ਹੋਈ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ ਨੇ ਅਪੀਲ ਜਾਰੀ ਕਰਕੇ ਮੁਸਲਮਾਨ ਭਾਈਚਾਰੇ ਨੂੰ ਜਾਮਾ ਮਸਜਿਦ ਵਿੱਚ ਇਕੱਠੇ ਹੋਣ ਦੀ ਬਜਾਏ ਨੇੜਲੇ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਸੀ। ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਸਥਿਤੀ ’ਤੇ ਨਜ਼ਰ ਰੱਖਣ ਲਈ ਮਸਜਿਦ ਦੇ ਆਲੇ-ਦੁਆਲੇ ਵਾਧੂ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਇਥੇ ਨਿਗਰਾਨੀ ਵਧਾਉਣ ਅਤੇ ਕਿਸੇ ਵੀ ਸੰਭਾਵੀ ਗੜਬੜ ਨੂੰ ਰੋਕਣ ਲਈ ਡਰੋਨ ਵੀ ਤਾਇਨਾਤ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇੱਥੋਂ ਦੀ ਮੁਗਲ ਕਾਲ ਦੀ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹੰਗਾਮਾ ਅਤੇ ਪੱਥਰਬਾਜ਼ੀ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਹਿੰਸਾ ਦੇ ਮਾਮਲੇ ਵਿੱਚ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੱਤ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ 74 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਬਾਕੀਆਂ ਦੀ ਪਛਾਣ ਲਈ ਪ੍ਰਕਿਰਿਆ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਭੜਕਾਉਣ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇੱਥੇ ਇੰਟਰਨੈਟ ਸੇਵਾਵਾਂ ’ਤੇ ਪਾਬੰਦੀ ਲਾਈ ਸੀ।
ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇੇ ਸੂਬਾ ਪ੍ਰਧਾਨ ਸ਼ਿਆਮ ਲਾਲ ਪਾਲ ਨੇ ਅੱਜ ਕਿਹਾ ਕਿ ਪਾਰਟੀ ਦਾ ਵਫ਼ਦ ਸ਼ਨਿਚਰਵਾਰ 30 ਨਵੰਬਰ ਨੂੰ ਸੰਭਲ ਦਾ ਦੌਰਾ ਕਰਕੇ ਸ਼ਾਹੀ ਜਾਮਾ ਮਸਜਿਦ ਕੰਪਲੈਕਸ ’ਚ ਵਾਪਰੀ ਹਿੰਸਾ ਦੀ ਘਟਨਾ ਬਾਰੇ ਜਾਣਕਾਰੀ ਹਾਸਲ ਕਰੇਗਾ ਤੇ ਰਿਪੋਰਟ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਸੌਂਪੀ ਜਾਵੇਗੀ। ਦੂਜੇ ਪਾਸੇ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਰਾਏ ਨੇ ਦੱਸਿਆ ਕਿ ਪਾਰਟੀ ਦਾ ਵਫ਼ਦ 2 ਦਸੰਬਰ ਨੂੰ ਸੰਭਲ ਜਾਵੇਗਾ। -ਪੀਟੀਆਈ