ਵੱਖ-ਵੱਖ ਥਾਈਂ ਕੌਮਾਂਤਰੀ ਯੋਗ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 21 ਜੂਨ
ਕੌਮੀ ਯੋਗ ਦਿਵਸ ਮੌਕੇ ਅੱਜ ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਯੋਗ ਕੀਤਾ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲਾ ਨੇ ਕਿਹਾ ਕਿ ਯੋਗ ਇੱਕ ਅਜਿਹੀ ਵਿਧੀ ਹੈ ਜੋ ਤੰਦਰੁਸਤ ਰਹਿਣ ਦਾ ਉਤਮ ਸਾਧਨ ਹੈ। ਇਸ ਲਈ ਹਰ ਇਨਸਾਨ ਨੂੰ ਰੋਜ਼ਾਨਾ ਯੋਗ ਜ਼ਰੂਰ ਕਰਨਾ ਚਾਹੀਦਾ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਆਮ ਖਾਸ ਬਾਗ ਵਿੱਚ ਯੋਗ ਦਿਵਸ ਮੌਕੇ ਕਿਹਾ ਕਿ ਯੋਗ ਸਾਨੂੰ ਵਿਰਾਸਤ ਵਿੱਚ ਰਿਸ਼ੀਆਂ ਮੁਨੀਆਂ ਤੋਂ ਹਾਸਲ ਹੋਇਆ ਹੈ, ਜਿਸ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਾਣਤਾ ਹਾਸਲ ਹੋਈ ਹੈ ਜੋ ਸਾਡੇ ਲਈ ਮਾਣ ਦੀ ਗੱਲ ਹੈ।
ਅਮਲੋਹ (ਪੱਤਰ ਪ੍ਰੇਰਕ): ਪਤੰਜਲੀ ਯੋਗ ਸਮਿਤੀ ਮੰਡੀ ਗੋਬਿੰਦਗੜ੍ਹ ਤੇ ਭਾਰਤ ਵਿਕਾਸ ਪਰਿਸ਼ਦ ਅਮਲੋਹ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਯੋਗਾਚਾਰਿਆ ਡਾ. ਅਸ਼ੋਕ ਜਿੰਦਲ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ 200 ਦੇ ਕਰੀਬ ਲੋਕਾਂ ਨੇ ਆਸਣ ਕੀਤੇ।
ਖਰੜ (ਪੱਤਰ ਪ੍ਰੇਰਕ): ਇੱਥੋਂ ਦੇ ਦਸਹਿਰਾ ਗਰਾਊਂਡ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ, ਨਾਇਬ ਤਹਿਸੀਲਦਾਰ ਵਿਕਾਸਦੀਪ ਅਤੇ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤੀ ਗਈ ਯੋਗ ਟੀਮ ਦੇ ਮੈਂਬਰ ਹਾਜ਼ਰ ਸਨ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਐੱਸਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਦੀਆਂ ਔਰਤਾਂ ਸਮੇਤ ਆਸ਼ਰਮ ਨੇੜਲੇ ਪਰਿਵਾਰਾਂ ਦੀਆਂ ਔਰਤਾਂ ਦੇ ਸਹਿਯੋਗ ਨਾਲ ਤਹਿਸੀਲ ਕੰਪਲੈਕਸ ਪਾਰਕ ’ਚ ਯੋਗ ਦਿਵਸ ਮਨਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਪ੍ਰੋ. ਆਰਸੀ ਢੰਡ ਨੇ ਦੱਸਿਆ ਕਿ ਕੈਂਪ ਦੌਰਾਨ ਯੋਗ ਖੇਤਰ ਦੀ ਮਾਹਿਰ ਪ੍ਰੀਤੀ ਨੇ ਔਰਤਾਂ ਨੂੰ ਯੋਗ ਆਸਣ ਕਰਵਾਏ।
ਪੰਚਕੂਲਾ (ਪੱਤਰ ਪ੍ਰੇਰਕ): ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਪਤੰਜਲੀ ਯੋਗ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਯੋਗ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਮਿਲੀ ਹੈ ਅਤੇ ਇਸ ਨੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨ ਬਣਾ ਦਿੱਤਾ ਹੈ।
ਯੋਗ ਰਾਹੀਂ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੇ ਨੁਕਤੇ ਦੱਸੇ
ਕੁਰਾਲੀ (ਪੱਤਰ ਪ੍ਰੇਰਕ): ਸਿਸਵਾਂ ਰੋਡ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਕੈਂਪਸ ਵਿੱਚ ਅੱਜ ਵਿਸ਼ਵ ਯੋਗ ਦਿਵਸ ਮੌਕੇ ਯੋਗਾ ਅਤੇ ਮੈਡੀਟੇਸ਼ਨ ਕੈਂਪ ਦੀ ਸਮਾਪਤੀ ਹੋਈ। ਇੱਕ ਹਫ਼ਤਾ ਚੱਲੇ ਇਸ ਕੈਂਪ ਦੌਰਾਨ ਯੋਗ ਮਾਹਿਰਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਯੋਗ ਰਾਹੀਂ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੇ ਨੁਕਤੇ ਦੱਸੇ। ਕੈਂਪ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੱਸਿਆ ਗਿਆ ਕਿ ਜੇ ਉਹ ਨਿਰੋਗ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਤਾਂ ਰੋਜ਼ਾਨਾ ਅੱਧਾ ਘੰਟਾ ਯੋਗ ਕਰਨਾ ਜ਼ਰੂਰੀ ਹੈ। ਸਕੂਲ ਦੇ ਪ੍ਰਬੰਧਕ ਮਾਨਵ ਸਿੰਗਲਾ ਨੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਇਨਸਾਨ ਦੀ ਜ਼ਿੰਦਗੀ ਵਿੱਚ ਯੋਗ ਦਾ ਅਹਿਮ ਮਹੱਤਵ: ਪੁਰੋਹਿਤ
ਚੰਡੀਗੜ੍ਹ (ਪੱਤਰ ਪ੍ਰੇਰਕ/ਟਨਸ): ਚੰਡੀਗੜ੍ਹ ਸ਼ਹਿਰ ਦੇ ਨਾਗਰਿਕਾਂ ਵੱਲੋਂ ਅੱਜ ਇੱਥੇ ਰੌਕ ਗਾਰਡਨ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਪੁਰੋਹਿਤ ਨੇ ਕਿਹਾ ਕਿ ਇਨਸਾਨ ਦੇ ਜੀਵਨ ਵਿੱਚ ਯੋਗ ਦਾ ਅਹਿਮ ਮਹੱਤਵ ਹੈ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਡੀਜੀਪੀ ਸੁਰਿੰਦਰ ਸਿੰਘ ਯਾਦਵ, ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ, ਸਿਹਤ ਸਕੱਤਰ ਅਜੈ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਸਿੱਖਿਆ ਸਕੱਤਰ ਅਭਿਜੀਤ ਚੌਧਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਅੱਜ ਹਾਈ ਕੋਰਟ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।