For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਦੀ ਸਖ਼ਤੀ ’ਤੇ ਮਾਯੂਸ ਅੰਤਰਰਾਸ਼ਟਰੀ ਵਿਦਿਆਰਥੀ

07:53 AM Sep 18, 2024 IST
ਕੈਨੇਡਾ ਦੀ ਸਖ਼ਤੀ ’ਤੇ ਮਾਯੂਸ ਅੰਤਰਰਾਸ਼ਟਰੀ ਵਿਦਿਆਰਥੀ
Advertisement

ਹਰੀ ਕ੍ਰਿਸ਼ਨ ਮਾਇਰ
ਕੈਨੇਡਾ ਦੀ ਸਰਕਾਰ ਵੱਲੋਂ ਸੰਘੀ ਪਰਵਾਸ ਨੀਤੀਆਂ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ, ਦੇ ਸਿਰ ਉੱਤੇ ‘ਦੇਸ਼ ਨਿਕਾਲੇ’ ਦੀ ਤਲਵਾਰ ਲਟਕ ਰਹੀ ਹੈ। ਹੱਥਾਂ ਵਿੱਚ ਮੰਗਾਂ ਦੀਆਂ ਤਖ਼ਤੀਆਂ ਫੜ ਕੇ ਪ੍ਰਭਾਵਿਤ ਵਿਦਿਆਰਥੀ ਕੈਨੇਡਾ ਸਰਕਾਰ ਵਿਰੁੱਧ ਰੋਸ ਪ੍ਰਗਟਾਉਣ ਲਈ ਰੈਲੀਆਂ ਤੇ ਮੁਜ਼ਾਹਰੇ ਕਰ ਰਹੇ ਹਨ।
ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ ਸੰਘੀ ਪਰਵਾਸ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਕੈਨੇਡਾ ਪੜ੍ਹਨ ਆਏ ਅਤੇ ਪੱਕੇ ਹੋਣ ਦੀ ਉਮੀਦ ਲਾਈ ਬੈਠੇ ਭਾਰਤੀ ਅਤੇ ਹੋਰ ਮੁਲਕਾਂ ਦੇ ਕਰੀਬ 70000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ’ਤੇ ਡਿਪੋਰਟ ਕਰਨ ਦਾ ਫ਼ੈਸਲਾ ਕਰ ਲਿਆ ਹੈ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵਿਜ਼ਿਟਰ ਵੀਜ਼ੇ ’ਤੇ ਆਏ ਪਰਵਾਸੀ ਵਰਕ ਪਰਮਿਟ ਨਹੀਂ ਲੈ ਸਕਣਗੇ। ਪੜ੍ਹਨ ਆਏ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਪਰਵਾਸੀ ਆਪਣੇ ਦੇਸ਼ ਮੁੜਨ ਉਪਰੰਤ ਵਰਕ ਪਰਮਿਟ ਲਈ ਅਰਜ਼ੀ ਲਗਾ ਸਕਦੇ ਹਨ। ਪੜ੍ਹਨ ਦੌਰਾਨ ਸਪਾਊਸ ਵਰਕ ਪਰਮਿਟ ਕੇਵਲ ਡਾਕਟਰੇਟ ਕਰਨ ਵਾਲੇ ਜਾਂ ਪ੍ਰੋਫੈਸ਼ਨਲ ਪੋਸਟ ਗ੍ਰੈਜੂਏਟ ਕੋਰਸਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਅੰਡਰ ਗ੍ਰੈਜੂਏਟਾਂ ਲਈ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕੈਨੇਡਾ ਵਿੱਚ ਪਰਮਾਨੈਂਟ ਰੈਜੀਡੈਂਸੀ ’ਤੇ ਕਟੌਤੀ ਲਾਉਣ ਲਈ ਰਾਹ ਤਿਆਰ ਕਰ ਲਿਆ ਗਿਆ ਹੈ। ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ’ਤੇ ਨਿਰਭਰਤਾ ਘਟਾਉਣ ਅਤੇ ਕੈਨੇਡਾ ਵਸਦੇ ਘੱਟ ਦਿਹਾੜੀਦਾਰ ਕਾਮਿਆਂ ਨੂੰ ਉਨ੍ਹਾਂ ਦਾ ਅਧਿਕਾਰ ਵਾਪਸ ਮੋੜਨ ਦਾ ਯਤਨ ਵੀ ਕੀਤਾ ਗਿਆ ਹੈ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਪਰਵਾਸੀ ਉਨ੍ਹਾਂ ਤੋਂ ਖੋਹ ਲੈਂਦੇ ਹਨ।
ਇਸ ਨੀਤੀ ਦਾ ਵਿਰੋਧ ਕਰਨ ਲਈ ਵਿਦਿਆਰਥੀ ਅਤੇ ਕਾਮੇ ਸੜਕਾਂ ’ਤੇ ਉਤਰ ਆਏ ਹਨ। ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੀਆਂ ਤਬਦੀਲੀਆਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਦੇ ਇਹ ਰੋਸ ਮੁਜ਼ਾਹਰੇ ਪ੍ਰਿੰਸ ਐਡਵਰਡ ਆਈਲੈਂਡ ਤੋਂ ਮਈ ਮਹੀਨੇ ਸ਼ੁਰੂ ਹੋਏ ਸਨ। ਫਿਰ ਇਹ ਹੋਰ ਕੈਨੇਡੀਅਨ ਸੂਬਿਆਂ ਵਿੱਚ ਫੈਲ ਗਏ ਹਨ।
ਇਹ ਹਕੀਕਤ ਹੈ ਕਿ ਵੱਖ ਵੱਖ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਦਾਖਲਾ ਲੈ ਕੇ ਇਸ ਮੁਲਕ ਵਿੱਚ ਸੌਖੀ ਮਿਲਣ ਵਾਲੀ ਨਾਗਰਿਕਤਾ ਦਾ ਸੁਪਨਾ ਸੰਜੋਅ ਕੇ ਹਰ ਸਾਲ ਕੈਨੇਡਾ ਪਹੁੰਚਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬੀਤੇ ਸਾਲਾਂ ਦੌਰਾਨ ਕੈਨੇਡਾ ਪਹੁੰਚਣ ਦੀ ਇੱਛਾ ਪੂਰੀ ਕਰਨ ਲਈ ਕਈ ਵਿਦਿਆਰਥੀ ਸਮਰੱਥ ਵੀ ਨਹੀਂ ਸਨ, ਪਰ ਉਨ੍ਹਾਂ ਨੇ ਹਰ ਹਰਬਾ ਜ਼ਰਬਾ ਵਰਤ ਕੇ ਆਖਰ ਕਾਮਯਾਬੀ ਹਾਸਲ ਕਰ ਲਈ ਸੀ। ਕੁਝ ਇੱਕ ਨੇ ਤਾਂ ਜਾਅਲੀ ਆਈਲੈੱਟਸ ਬੈਂਡ, ਫਰਜ਼ੀ ਬੈਂਕ ਸਟੇਟਮੈਂਟ, ਸੇਵਿੰਗ ਦਿਖਾਉਣ ਦੇ ਫਰਜ਼ੀ ਦਸਤਾਵੇਜ਼ ਬਣਾਉਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ। ਇੱਥੋਂ ਤੱਕ ਕੇ ਏਜੰਟਾਂ ਨੇ ਜਾਲੀ ਵੀਜ਼ੇ ਲਗਾਉਣ ਦੀ ਵੀ ਠੱਗੀ ਮਾਰੀ ਸੀ। ਪੰਜਾਬ ਦੇ ਪਿੰਡ ਪਿੰਡ ਤੱਕ ਇਮੀਗ੍ਰੇਸ਼ਨ ਏਜੰਟਾਂ ਦਾ ਜਾਲ ਵਿਛਿਆ ਹੋਇਆ ਹੈ। ਏਅਰ ਕੈਨੇਡਾ ਦੇ ਜਹਾਜ਼ ‘ਪਿੰਡਾਂ ਦੇ ਟੈਂਪੂਆਂ’ ਵਾਂਗ ਲੱਦੇ ਆਉਂਦੇ ਰਹੇ ਹਨ। ਲੱਖਾਂ ਵਿਦਿਆਰਥੀ ਉੱਤਰੀ ਅਮਰੀਕਾ ਜਾਂ ਯੂਰਪ ਵਿੱਚ ਸਟੱਡੀ ਵੀਜ਼ੇ ਦੇ ਰਸਤੇ ਅਪਣਾ ਕੇ ਨਾਗਰਿਕਤਾ ਦਾ ਸੁਪਨਾ ਸੰਜੋਈ ਬੈਠੇ ਹਨ।
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੇ ਕੈਨੇਡਾ ਵਿੱਚ ਘਰਾਂ, ਹਸਪਤਾਲਾਂ, ਮਹਿੰਗਾਈ, ਰੁਜ਼ਗਾਰ ਅਤੇ ਹੋਰ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਦੋਂ ਕੈਨੇਡਾ ਵਸਦੇ ਲੋਕਾਂ ਨੇ ਰਿਹਾਇਸ਼ ਦੀਆਂ ਦਿੱਕਤਾਂ ਦੀ ਹਾਲ ਦੁਹਾਈ ਪਾਈ, ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਵਿੱਚ ਦੇਰੀ ਦਾ ਰੋਣਾ ਰੋਇਆ, ਕਾਮਿਆਂ ਨੇ ਕੰਮ ਨਾ ਮਿਲਣ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਵਿੱਖ ਦੇ ਸਿਆਸੀ ਘਟਨਾਕ੍ਰਮ ਨੂੰ ਭਾਂਪਦਿਆਂ, ਇਹ ਕਾਰਵਾਈ ਕਰਨੀ ਪਈ।
ਪਰਵਾਸੀ ਵਿਦਿਆਰਥੀਆਂ ਨੇ ਇੱਥੇ ਰਹਿੰਦਿਆਂ ਕੈਨੇਡਾ ਦੀ ਆਬੋ ਹਵਾ ਵਿਗਾੜਨ ਵਿੱਚ ਵੀ ਬਦਨਾਮੀ ਖੱਟੀ ਹੈ। ਗੱਡੀਆਂ ਚੋਰੀ ਕਰਨ, ਧੋਖਾਧੜੀ ਕਰਨ, ਸ਼ਰਾਬ ਤੇ ਗਰੌਸਰੀ ਚੋਰੀ ਕਰਨ, ਸੜਕਾਂ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਹਨ ਚਲਾਉਣ, ਜਗ੍ਹਾ-ਜਗ੍ਹਾ ਪਲਾਸਟਿਕ ਕੂੜਾ ਫੈਲਾਉਣ, ਲੜਾਈਆਂ ਕਰਨ, ਨਾਜਾਇਜ਼ ਅਸਲਾ ਰੱਖਣ, ਨਸ਼ਾ ਤਸਕਰੀ ਨਾਲ ਜੁੜਨ, ਕਿਰਾਏ ਦੱਬਣ, ਮਾਲਕ ਮਕਾਨ ਦਾ ਨੁਕਸਾਨ, ਕੰਧਾਂ ਕੌਲਿਆਂ ਜਾਂ ਲੁਕਵੇਂ ਰੁੱਖ ਝਾੜੀਆਂ ਓਹਲੇ ਮਲ-ਮੂਤਰ ਕਰਨ ਵਰਗੀਆਂ ਕਾਰਗੁਜ਼ਾਰੀਆਂ ਕਰਨ ਇੱਧਰਲੇ ਅਤੇ ਉੱਧਰਲੇ ਪੰਜਾਬੀਆਂ ਦੀ ਕਾਫ਼ੀ ਬਦਨਾਮੀ ਹੋਈ ਹੈ।
ਇਸ ਸਭ ਦੇ ਚੱਲਦੇ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਤੋਂ ਹੁਣ ਵਿਦਿਆਰਥੀ ਔਖੇ ਹਨ। ਵਿਦਿਆਰਥੀ ਕਹਿੰਦੇ ਹਨ ਕਿ ਕੈਨੇਡਾ ਵਿੱਚ ਇਹ ਸਭ ਕੁਝ ਆਰਥਿਕ ਮੰਦੀ, ਗ਼ੈਰ-ਬਰਾਬਰੀ ਵਾਲੇ ਆਰਥਿਕ ਪ੍ਰਬੰਧ ਅਤੇ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਜਾਣ ਕਰਕੇ ਹੈ। ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ। ਨੌਕਰੀਆਂ ਬਹੁਤ ਘਟ ਗਈਆਂ ਹਨ। ਵਿਦਿਆਰਥੀ ਕਹਿੰਦੇ ਹਨ ਕਿ ਇਸ ਸਾਰੇ ਵਿਗਾੜ ਦਾ ਕਾਰਨ ਉਹ ਨਹੀਂ ਹਨ।
ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਚਿਰ ਤੋਂ ਰੋਟੀ ਪਾਣੀ ਜੋਗਾ ਆਹਰ ਕਰਦੇ ਨਜ਼ਰ ਆ ਰਹੇ ਹਨ। ਵਰਕ ਪਰਮਿਟ ਖ਼ਤਮ ਹੋ ਰਹੇ ਹਨ ਤਾਂ ਪਰਮਾਨੈਂਟ ਰੈਜ਼ੀਡੈਂਸੀ ਲਈ ਰਾਹ ਬੰਦ ਹੋ ਰਹੇ ਹਨ। ਜ਼ਮੀਨਾਂ ਤੇ ਘਰ ਗਹਿਣੇ ਧਰ ਕੇ ਸੁਪਨੇ ਪੂਰੇ ਕਰਨ ਆਏ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਹਾਲਾਤ ਨਾਲ ਨਿਪਟਣ ਲਈ ਕੋਈ ਵਿਚਲਾ ਰਾਹ ਕੱਢਿਆ ਜਾਵੇ। ਭਵਿੱਖ ਵਿੱਚ ਇਹ ਤਬਦੀਲੀਆਂ ਭਾਵੇਂ ਜਾਰੀ ਰਹਿਣ। ਇਸ ਮਹੀਨੇ ਦੇ ਆਖਰੀ ਹਫ਼ਤੇ ਉਪਰੋਕਤ ਤਬਦੀਲੀਆਂ ਲਾਗੂ ਹੋ ਜਾਣਗੀਆਂ। ਸਰਕਾਰ ਨੇ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਅਤੇ ਬਾਹਰਲੇ ਕਾਮਿਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਨਵੀਆਂ ਯੋਜਨਾਵਾਂ ਵੀ ਐਲਾਨੀਆਂ ਹਨ। ਕੈਨੇਡਾ ਦੇ ਪਰਵਾਸ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਸਟੱਡੀ ਵੀਜ਼ਾ ਕੈਨੇਡਾ ਵਿੱਚ ਲੰਬੀ ਠਾਹਰ ਦਾ ਵਾਅਦਾ ਨਹੀਂ ਸੀ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੈਨੇਡਾ ਵਿੱਚ ਪੜ੍ਹਾਈ ਕਰਨ ਉਪਰੰਤ ਆਪੋ ਆਪਣੇ ਮੁਲਕ ਨੂੰ ਵਾਪਸ ਮੁੜ ਜਾਣ। ਆਉਂਦੇ ਤਿੰਨ ਸਾਲਾਂ ਵਿੱਚ ਕੈਨੇਡਾ ਅੰਦਰ ਅਸਥਾਈ ਨਿਵਾਸੀਆਂ ਦੀ ਗਿਣਤੀ ਕੁਲ ਆਬਾਦੀ ਦੇ 6.2 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਜਾਵੇਗੀ।
ਉਪਰੋਕਤ ਤਬਦੀਲੀਆਂ ਕਾਰਨ ਭਵਿੱਖ ਵਿੱਚ ਕੈਨੇਡਾ ਵਿੱਚ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਕਿਤੇ ਵੱਧ ਫੰਡ ਦਿਖਾਉਣੇ ਪੈਣਗੇ। ਇਸ ਨਾਲ ਮਾਪਿਆਂ ’ਤੇ ਵੱਧ ਬੋਝ ਪਵੇਗਾ। ਵਿਦਿਆਰਥੀਆਂ ਨੂੰ ਹੁਣ ਹੋਰ ਡਿਪਲੋਮੈਟਿਕ ਸਿਰਦਰਦੀਆਂ, ਵਰਕ ਪਰਮਿਟ ਤੇ ਸਖ਼ਤ ਪਾਬੰਦੀਆਂ, ਦਸਤਾਵੇਜ਼ਾਂ ਦੀ ਚੁਸਤ ਡਿਜੀਟਲ ਜਾਂਚ ਪੜਤਾਲ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਜ਼ਾਹਿਰ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵਿਦਿਆਰਥੀ ਪਹਿਲਾਂ ਨਾਲੋਂ ਘੱਟ ਗਿਣਤੀ ਵਿੱਚ ਕੈਨੇਡਾ ਪੜ੍ਹਨ ਜਾਣਗੇ।
ਈ-ਮੇਲ: mayer_hk@yahoo.com

Advertisement

Advertisement
Advertisement
Author Image

Advertisement