ਕੌਮਾਂਤਰੀ ਖੋਜਕਾਰ ਡਾ. ਸ਼ੁਭਚਿੰਤਕ ਪੰਜਾਬੀ ’ਵਰਸਿਟੀ ’ਚ ਕਰਨਗੇ ਖੋਜ ਕਾਰਜ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਪ੍ਰਦਾਨ ਕੀਤੀ ਵਕਾਰੀ ਰਾਮਾਨੁਜਨ ਫੈਲੋਸ਼ਿਪ ’ਤੇ ਡਾ. ਸ਼ੁਭਚਿੰਤਕ ਨੇ ਜੁਆਇਨ ਕਰ ਲਿਆ ਹੈ। ਇਹ ਫੈਲੋਸ਼ਿਪ ਉਨ੍ਹਾਂ ਭਾਰਤੀ ਮੂਲ ਦੇ ਵਿਗਿਆਨੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜੋ ਵਿਦੇਸ਼ ਵਿੱਚ ਖੋਜ ਕਾਰਜ ਕਰਨ ਤੋਂ ਬਾਅਦ ਵਾਪਸ ਭਾਰਤ ਪਰਤਣਾ ਚਾਹੁੰਦੇ ਹੋਣ। ਪਠਾਨਕੋਟ ਅਧਾਰਿਤ ਪੰਜਾਬੀ ਮੂਲ ਦੇ ਡਾ. ਸ਼ੁਭਚਿੰਤਕ ਆਈਆਈਟੀ ਰੁੜਕੀ ਤੋਂ ਆਪਣੀ ਪੀਐੱਚਡੀ ਕਰਨ ਉਪਰੰਤ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਅਗਲੇਰੀ ਖੋਜ ਕਰਨ ਲਈ ਅਮਰੀਕਾ ਚਲੇ ਗਏ ਸਨ। ਉਨ੍ਹਾਂ ਵੱਲੋਂ ਕੀਤੇ ਗਏ ਕੰਮ ਤੋਂ ਪ੍ਰਭਾਵਿਤ ਹੋ ਕੇ ਬੈਲਜੀਅਮ ਵਿੱਚ ਉਨ੍ਹਾਂ ਨੂੰ ਖੋਜ ਲਈ ਪੇਸ਼ਕਸ਼ ਹੋਈ ਤਾਂ ਉਹ ਬੈਲਜੀਅਮ ਚਲੇ ਗਏ ਸਨ। ਇਸ ਉਪਰੰਤ ਉਨ੍ਹਾਂ ਨੂੰ ਯੂਰੋਪੀਅਨ ਯੂਨੀਅਨ ਵੱਲੋਂ ਪ੍ਰਦਾਨ ਕੀਤੀ ਫੈਲੋਸ਼ਿਪ ਵੀ ਪ੍ਰਾਪਤ ਕੀਤੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਡਾ. ਸ਼ੁਭਚਿੰਤਕ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਇਸ ਪ੍ਰਾਪਤੀ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਚੰਗਾ ਮੌਕਾ ਦੱਸਿਆ।