ਇਜ਼ਰਾਈਲ ਤੇ ਹਮਾਸ ’ਤੇ ਗਾਜ਼ਾ ਵਿਚ ਜੰਗਬੰਦੀ ਲਈ ਕੌਮਾਂਤਰੀ ਦਬਾਅ ਵਧਿਆ
ਰਫਾਹ, 26 ਮਾਰਚ
ਹਮਾਸ ਨੇ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਕੌਮਾਂਤਰੀ ਸਾਲਸ ਵਲੋਂ ਪੇਸ਼ ਕੀਤੇ ਗਏ ਹਾਲੀਆ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਉਸ ਮਤੇ ਦਾ ਵਿਰੋਧ ਕੀਤਾ ਹੈ ਜਿਹੜਾ ਦੋਵਾਂ ਨੂੰ ਸੰਪਰਕ ਕੀਤੇ ਬਿਨਾਂ ਪਾਸ ਕੀਤਾ ਗਿਆ ਸੀ। ਗਾਜ਼ਾ ਵਿਚ ਛੇ ਮਹੀਨੇ ਤੋਂ ਜੰਗ ਚਲ ਰਹੀ ਹੈ ਤੇ ਦੋਵਾਂ ਨੇ ਖੂਨ ਖਰਾਬੇ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਨੂੰ ਨਕਾਰਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਨੂੰ ਖਤਮ ਕਰਨ ਤੇ ਕਈ ਬੰਧਕਾਂ ਦੀ ਰਿਹਾਅ ਕਰਵਾ ਸਕਦਾ ਹੈ ਜੇ ਉਹ ਰਫਾਹ ਦੇ ਦੱਖਣੀ ਸ਼ਹਿਰ ਵਿਚ ਆਪਣੇ ਜ਼ਮੀਨੀ ਹਮਲੇ ਵਧਾਉਂਦਾ ਹੈ। ਰਫਾਹ ਵਿਚ ਅੱਧੀ ਤੋਂ ਵੱਧ ਆਬਾਦੀ ਨੇ ਰਾਹਤ ਕੈਂਪਾਂ ਵਿਚ ਪਨਾਹ ਲਈ ਹੋਈ ਹੈ। ਦੂਜੇ ਪਾਸੇ ਹਮਾਸ ਨੇ ਕਿਹਾ ਹੈ ਕਿ ਜਦੋਂ ਤਕ ਇਜ਼ਰਾਈਲ ਜੰਗਬੰਦੀ ਲਈ ਸਹਿਮਤ ਨਹੀਂ ਹੁੰਦਾ, ਗਾਜ਼ਾ ਤੋਂ ਆਪਣੀ ਫੌਜ ਵਾਪਸ ਨਹੀਂ ਸੱਦਦਾ ਤੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਨਹੀਂ ਕਰਦਾ ਉਹ ਤਦ ਤਕ ਬੰਧਕਾਂ ਨੂੰ ਰਿਹਾਅ ਨਹੀਂ ਕਰੇਗਾ। ਇਸ ਜੰਗ ਵਿਚ ਹੁਣ ਤਕ 32 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਤੇ ਗਾਜ਼ਾ ਪੱਟੀ ਦੇ ਜ਼ਿਆਦਾਤਰ ਹਿੱਸੇ ਨੁਕਸਾਨੇ ਗਏ ਹਨ। -ਏਪੀ
ਅਮਰੀਕਾ ਦੇ ਸਟੈਂਡ ਦੇ ਵਿਰੋਧ ’ਚ ਪੀਐੱਚਡੀ ਦੀ ਡਿਗਰੀ ਵਾਪਸ ਕੀਤੀ
ਨਵੀਂ ਦਿੱਲੀ (ਪੀਟੀਆਈ): ਸਮਾਜਿਕ ਕਾਰਕੁਨ ਸੰਦੀਪ ਪਾਂਡੇ ਨੇ ਇਜ਼ਰਾਈਲ-ਫਲਸਤੀਨ ਸੰਘਰਸ਼ ਵਿੱਚ ਅਮਰੀਕਾ ਦੇ ਸਟੈਂਡ ਦੇ ਵਿਰੋਧ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ (ਯੂਸੀ) ਬਰਕਲੇ ਨੂੰ ਅਧਿਕਾਰਤ ਤੌਰ ’ਤੇ ਆਪਣੀ ਪੀਐਚਡੀ ਦੀ ਡਿਗਰੀ ਵਾਪਸ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ ਜਨਵਰੀ ਵਿੱਚ ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਵਿੱਚ ਅਮਰੀਕਾ ਦੀ ਭੂਮਿਕਾ ਦੇ ਵਿਰੋਧ ਵਜੋਂ ਉਸ ਨੂੰ ਦਿੱਤਾ ਗਿਆ ਵੱਕਾਰੀ ਰੈਮਨ ਮੈਗਸੇਸੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਇਸ ਮੁੱਦੇ ’ਤੇ ਸਾਈਰਾਕਿਊਜ਼ ਯੂਨੀਵਰਸਿਟੀ ਨੂੰ ਆਪਣੀਆਂ ਦੋਹਰੀ ਐਮਐਸਸੀ ਡਿਗਰੀਆਂ ਵੀ ਵਾਪਸ ਕਰ ਦਿੱਤੀਆਂ ਹਨ। ਪਾਂਡੇ ਨੇ ਕਿਹਾ ਕਿ ਇਜ਼ਰਾਈਲ-ਫਲਸਤੀਨ ਯੁੱਧ ਵਿੱਚ ਅਮਰੀਕਾ ਦੀ ਭੂਮਿਕਾ ਨਿੰਦਣਯੋਗ ਹੈ। ਉਸ ਨੇ ਕਿਹਾ ਕਿ ਅਮਰੀਕਾ ਯੁੱਧ ਨੂੰ ਖਤਮ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾ ਸਕਦਾ ਸੀ ਅਤੇ ਫਲਸਤੀਨ ਨੂੰ ਇਕ ਸੁਤੰਤਰ ਰਾਸ਼ਟਰ ਦਾ ਦਰਜਾ ਪ੍ਰਾਪਤ ਕਰਕੇ ਸਮੱਸਿਆ ਦਾ ਸਥਾਈ ਹੱਲ ਲੱਭ ਸਕਦਾ ਸੀ ਪਰ ਉਸ ਨੇ ਫੌਜੀ ਤੌਰ ’ਤੇ ਇਜ਼ਰਾਈਲ ਦਾ ਅੰਨ੍ਹਾ ਸਮਰਥਨ ਜਾਰੀ ਰੱਖਿਆ ਜਿਸ ਨਾਲ ਵੱਡੀ ਗਿਣਤੀ ਬੇਕਸੂਰ ਮਾਰੇ ਗਏ।