ਅਮਿੱਟ ਯਾਦਾਂ ਛੱਡਦਾ ਕੌਮਾਂਤਰੀ ਪੀਡੀਐੱਫਏ ਡੇਅਰੀ ਐਕਸਪੋ ਸਮਾਪਤ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਫਰਵਰੀ
ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਸਥਿਤ ਜਗਰਾਉਂ ਦੀ ਪਸ਼ੂ ਮੰਡੀ ਵਿਚ ਚੱਲ ਰਿਹਾ ਪੀਡੀਐੱਫਏ ਦਾ ਕੌਮਾਂਤਰੀ ਡੇਅਰੀ ਅਤੇ ਖੇਤੀ ਐਕਸਪੋ ਅੱਜ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਤਿੰਨ ਰੋਜ਼ਾ ਮੇਲੇ ਦੌਰਾਨ ਤਿੰਨ ਲੱਖ ਤੋਂ ਵਧੇਰੇ ਦੁੱਧ ਉਤਪਾਦਕਾਂ ਤੇ ਕਿਸਾਨਾਂ ਸਮੇਤ ਆਮ ਲੋਕਾਂ ਨੇ ਸ਼ਿਰਕਤ ਕਰਕੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਆਖਰੀ ਦਿਨ ਦੇਸ਼ ਤੇ ਵਿਦੇਸ਼ ਤੋਂ ਪੁੱਜੇ ਡੇਅਰੀ ਫਾਰਮਰਜ਼ ਨੇ ਸੰਸਾਰ ਭਰ ਦੀਆਂ 400 ਕੰਪਨੀਆਂ ਵਲੋਂ ਡੇਅਰੀ ਕਿੱਤੇ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਲਗਾਈ ਨੁਮਾਇਸ਼ ਦੇਖੀ। ਮੇਲੇ ’ਚ ਦੁੱਧ ਚੁਆਈ ਅਤੇ ਬਰੀਡ ਮੁਕਾਬਲੇ ਦੇ ਜੇਤੂਆਂ ਨੂੰ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਅਤੇ ਹੋਰ ਅਹੁਦੇਦਾਰਾਂ ਨਾਲ ਮਿਲ ਕੇ ਮਹਿੰਦਰਾ ਟਰੈਕਟਰ, ਤਿੰਨ ਬੁਲੇਟ ਮੋਟਰ ਸਾਈਕਲ ਅਤੇ 55 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਪੀਡੀਐੱਫਏ ਨੇ ਜਿਸ ਤਰ੍ਹਾਂ ਆਪਣੇ ਦਮ ‘ਤੇ 17 ਸਾਲਾਂ ਦੀ ਜੱਦੋ-ਜਹਿਦ ਨਾਲ ਪੰਜਾਬ ਦੀ ਡੇਅਰੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ, ਉਹ ਇੱਕ ਮਿਸਾਲ ਹੈ। ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਐੱਚਐੱਫ ਗਾਂ ਦੇ ਦੁੱਧ ਚੁਆਈ ਮੁਕਾਬਲੇ ’ਚ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ ਨੇ 74.430 ਕਿੱਲੋ ਦੁੱਧ ਦੇ ਕੇ ਕੌਮੀ ਰਿਕਾਰਡ ਕਾਇਮ ਕਰਦਿਆਂ ਟਰੈਕਟਰ ਜਿੱਤਿਆ। ਇਸੇ ਮੁਕਾਬਲੇ ’ਚ ਜਗਰਾਉਂ ਦੇ ਨਾਲ ਲੱਗਦੇ ਪਿੰਡ ਚੀਮਨਾ ਦੇ ਅਮਰਜੀਤ ਸਿੰਘ ਬਿੱਲੂ ਦੀ ਗਾਂ ਨੇ 71.625 ਗ੍ਰਾਮ ਦੁੱਧ ਨਾਲ ਦੂਜਾ ਸਥਾਨ ਅਤੇ ਨਵਾਂ ਸ਼ਹਿਰ ਦੇ ਦੇ ਗੁਰਪ੍ਰੀਤ ਸਿੰਘ ਦੀ ਗਾਂ ਨੇ 70.755 ਗ੍ਰਾਮ ਦੁੱਧ ਨਾਲ ਤੀਜਾ ਸਥਾਨ ਹਾਸਲ ਕੀਤਾ। ਜਰਸੀ ਗਾਂ ਦੇ ਦੁੱਧ ਚੁਆਈ ਮੁਕਾਬਲੇ ‘ਚ ਕੁਲਾਰ ਦੇ ਸੰਧੂ ਡੇਅਰੀ ਫਾਰਮ ਦੀ ਗਾਂ ਨੇ ਪਹਿਲਾ ਜਦਕਿ ਚੜਿੱਕ ਦੇ ਮੱਖਣ ਸਿੰਘ ਦੀ ਗਾਂ ਦੂਜੇ ਅਤੇ ਸੰਧੂ ਡੇਅਰੀ ਫਾਰਮ ਦੀ ਗਾਂ ਤੀਜੇ ਸਥਾਨ ’ਤੇ ਰਹੀ। ਮੁਰ੍ਹਾ ਨਸਲ ਦੀਆਂ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ ’ਚ ਸਮਾਣਾ ਦੇ ਪਿੰਡ ਚਠੇਰਾ ਦੇ ਪੰਜਾਬ ਸਿੰਘ ਦੀ ਮੱਝ ਨੇ ਪਹਿਲਾ, ਕੈਥਲ ਦੇ ਪਿੰਡ ਬੁੱਢਾਖੇੜਾ ਦੇ ਸੰਦੀਪ ਸਿੰਘ ਦੀ ਮੱਝ ਨੇ ਦੂਜਾ ਅਤੇ ਘੁੰਮਟੀ ਕਲਾਂ ਦੇ ਪਰਮਿੰਦਰ ਸਿੰਘ ਦੀ ਮੱਝ ਨੇ ਤੀਜਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਮੱਝ ਦੇ ਦੁੱਧ ਚੁਆਈ ਮੁਕਾਬਲੇ ’ਚ ਪੱਟੀ ਦੇ ਪਿੰਡ ਸਭਰਾ ਦੇ ਬਚਿੱਤਰ ਸਿੰਘ ਦੀ ਮੱਝ ਨੇ ਪਹਿਲਾ ਜਦਕਿ ਡਰੋਲੀ ਭਾਈ ਦੇ ਜਸਪ੍ਰੀਤ ਸਿੰਘ ਦੀ ਮੱਝ ਨੇ ਦੂਜਾ ਅਤੇ ਗੋਬੰਦਗੜ੍ਹ ਦੇ ਅਮਨਦੀਪ ਸਿੰਘ ਦੀ ਮੱਝ ਨੇ ਤੀਜਾ ਸਥਾਨ ਹਾਸਲ ਕੀਤਾ। ਐੱਚਐੱਫ ਗਾਂ ਚਾਰ ਦੰਦ ਦੁੱਧ ਚੁਆਈ ਮੁਕਾਬਲੇ ’ਚ ਨੂਰਪੁਰ ਹਕੀਮਾ ਦੇ ਹੀ ਹਰਪ੍ਰੀਤ ਸਿੰਘ ਦੀ ਗਾਂ ਪਹਿਲੇ ਚੀਮਨਾ ਦੇ ਅਮਰਜੀਤ ਸਿੰਘ ਦੀ ਗਾਂ ਦੂਜੇ ਅਤੇ ਕੋਟ ਸ਼ਮਸ਼ੇਰੀ ਦੇ ਮੇਜਰ ਸਿੰਘ ਦੀ ਗਾਂ ਤੀਜੇ ਸਥਾਨ ’ਤੇ ਰਹੀ।