ਵੱਖ-ਵੱਖ ਥਾਵਾਂ ’ਤੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ
ਪੱਤਰ ਪ੍ਰੇਰਕ
ਫਗਵਾੜਾ, 21 ਫਰਵਰੀ
ਪੰਜਾਬੀ ਕਲਾ ਤੇ ਸਾਹਿਤ ਕੇਂਦਰ, ਪੰਜਾਬੀ ਮਾਸਿਕ ਮੈਗਜ਼ਿਨ ਸੰਗੀਤ ਦਰਪਣ ਅਤੇ ਪੰਜਾਬੀ ਵਿਰਸਾ ਟਰੱਸਟ ਦੀ ਟੀਮ ਵੱਲੋਂ ਅੱਜ ‘ਪੰਜਾਬੀ ਮਾਂ ਬੋਲੀ’ ਚੇਤਨਾ ਮਾਰਚ ਕੀਤਾ ਗਿਆ, ਜਿਸ ਨੂੰ ਐੱਸਪੀ ਰੁਪਿੰਦਰ ਕੌਰ ਭੱਟੀ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਾਰਚ ਫਗਵਾੜਾ ਦੇ ਬਲੱਡ ਬੈਂਕ ਤੋਂ ਸ਼ੁਰੂ ਹੋ ਕੇ ਵਖ-ਵੱਖ ਬਜ਼ਾਰਾਂ, ਗੁੜ ਮੰਡੀ, ਗਾਂਧੀ ਚੌਕ, ਬਾਸਾਂ ਵਾਲਾ ਬਾਜ਼ਾਰ, ਬੰਗਾ ਰੋਡ ਤੋਂ ਹੁੰਦਾ ਹੋਇਆ ਮੁੜ ਬਲੱਡ ਬੈਂਕ ਦੇ ਨਾਲ ਲੱਗਦੇ ਪਾਰਕ ਵਿੱਚ ਸਮਾਪਤ ਹੋਇਆ। ਮਾਰਚ ’ਚ ਉੱਘੇ ਲੇਖਕ, ਚਿੰਤਕ, ਪੰਜਾਬੀ ਪ੍ਰੇਮੀ ਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਤੇ ਚਿੰਤਕਾਂ ਨੇ ਪੰਜਾਬੀ ਭਾਸ਼ਾ ਦੇ ਹੱਕ ’ਚ ਤਖਤੀਆਂ ਚੁੱਕੀਆਂ ਹੋਈਆਂ ਸਨ। ‘ਆਪ’ ਆਗੂ ਜੋਗਿੰਦਰ ਸਿੰਘ ਮਾਨ ਤੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਸਕੂਲਾਂ, ਸਰਕਾਰੀ ਦਫਤਰਾਂ ਤੇ ਕਾਰੋਬਾਰਾਂ ’ਚ ਮਾਂ ਬੋਲੀ ਪੰਜਾਬੀ ਸਹੀ ਢੰਗ ਦੇ ਨਾਲ ਲਾਗੂ ਕਰਨ ਦੇ ਯਤਨ ਹੋ ਰਹੇ ਹਨ ਤੇ ਅਦਾਲਤਾਂ ’ਚ ਵੀ ਪੰਜਾਬੀ ਬੋਲੀ ਵਰਤੀ ਜਾਣ ਲਈ ਸਰਕਾਰ ਦੇ ਯਤਨ ਜਾਰੀ ਹਨ।
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੱਦੇ ’ਤੇ ਅੱਜ ਇੱਥੇ ਦੋਆਬਾ ਸਾਹਿਤ ਸਭਾ ਅਤੇ ਦਰਪਣ ਸਾਹਿਤ ਸਭਾ ਸੈਲਾ ਖੁਰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਅਤੇ ਪ੍ਰੋ. ਸੰਧੂ ਵਰਿਆਣਵੀ ਅਤੇ ਪ੍ਰਧਾਨ ਡਾ. ਬਿੱਕਰ ਸਿੰਘ ਦੀ ਅਗਵਾਈ ’ਚ ਸਥਾਨਕ ਸ਼ਹਿਰ ਅੰਦਰ ਮਾਰਚ ਕੀਤਾ ਗਿਆ।
ਜਲੰਧਰ (ਪੱਤਰ ਪ੍ਰੇਰਕ): ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਡਾ. ਰਵਿੰਦਰ ਕੌਰ ਨੇ ਮਾਤ ਭਾਸ਼ਾ ਦਿਵਸ ਬਾਰੇ ਚਾਨਣਾ ਪਾਇਆ।
ਫ਼ਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਫ਼ਤਿਹਗੜ੍ਹ ਚੂੜੀਆਂ ਦੇ ਸਮੂਹ ਸਾਹਿਤਕਾਰਾਂ ਨੇ ਕਵੀ ਦਰਬਾਰ ਕਰਾਇਆ ਅਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ਼ਹਿਰ ਦੀ ਤਿੰਨੇ ਸਭਾਵਾਂ, ਸਾਹਿਤਕ ਵਿਚਾਰ ਮੰਚ, ਜਸਪਾਲ ਹੰਝਰਾਅ ਸਾਹਿਤਕ ਮੰਚ, ਅਤੇ ਸਾਹਿਤ ਸਭਾ ਫ਼ਤਿਹਗੜ੍ਹ ਚੂੜੀਆਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੇਖਕ ਹਰਪਾਲ ਸਿੰਘ, ਪ੍ਰੀਤਮ ਸਰਪੰਚ, ਰਾਜਪਾਲ ਬਾਠ, ਮਨਜਿੰਦਰਪ੍ਰੀਤ ਸਿੰਘ ਫੁੱਲ, ਰੋਜ਼ੀ ਸਿੰਘ, ਸੁਖਵੰਤ ਸਿੰਘ, ਬਸੰਤ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਰ ਸਨ।