ਕੌਮਾਂਤਰੀ ਗੀਤਾ ਮਹਾਉਤਸਵ: ਰਵਾਇਤੀ ਸਾਜ਼ਾਂ ਤੇ ਸੰਗੀਤ ਨੇ ਮੋਹਿਆ ਮਨ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 30 ਨਵੰਬਰ
ਇੱਥੇ ਬ੍ਰਹਮਸਰੋਵਰ ਕੰਢੇ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਕੌਮਾਂਤਰੀ ਗੀਤਾ ਮਹਾਉਤਸਵ -2024 ਵਿੱਚ ਵੱਖ-ਵੱਖ ਸੂਬਿਆਂ ਦੇ ਲੋਕ ਸੱਭਿਆਚਾਰ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਭਾਰਤ ਦੇ ਕੋਨੇ-ਕੋਨੇ ਤੋਂ ਆਏ ਕਲਾਕਾਰਾਂ ਨੇ ਰਵਾਇਤਾਂ ਸਾਜ਼ਾਂ ਅਤੇ ਸੁਰੀਲੇ ਸੰਗੀਤ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ ਹੈ।
ਇਨ੍ਹਾਂ ਸਾਜ਼ਾਂ ਅਤੇ ਲੋਕ ਗੀਤਾਂ ਦੀਆਂ ਧੁਨਾਂ ਨੂੰ ਸੁਣਨ ਲਈ ਬ੍ਰਹਮਸਰੋਵਰ ਦੇ ਦੱਖਣੀ ਕੰਢੇ ’ਤੇ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਏ ਹਨ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ, ਪੰਜਾਬ, ਉੱਤਰਾਖੰਡ, ਛੱਤੀਸਗੜ੍ਹ, ਹਰਿਆਣਾ ਆਦਿ ਤੋਂ ਕਲਾਕਾਰ ਆਪਣੇ ਰਵਾਇਤੀ ਪਹਿਰਾਵੇ ਵਿੱਚ ਇਸ ਕੌਮਾਂਤਰੀ ਉਤਸਵ ਵਿੱਚ ਪੇਸ਼ ਕਰ ਰਹੇ ਹਨ। ਨਾਰਥ ਜ਼ੋਨ ਕਲਚਰਲ ਆਰਟਸ ਸੈਂਟਰ ਪਟਿਆਲਾ ਵਿੱਚ ਸ਼ਾਮਲ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ੍ਹ ਦੇ ਕਲਾਕਾਰ ਬ੍ਰਹਮਸਰੋਵਰ ਦੇ ਘਾਟਾਂ ’ਤੇ ਰਊਫ, ਕੁੱਲੂ ਨਾਟੀ, ਗਾਥਾ ਗਾਇਣ, ਚਪੇਲੀ, ਸ਼ਮੀ, ਗੁਡਮ ਬਾਜਾ, ਕਰਮਾ, ਰਾਏ ਅਤੇ ਲੁੱਡੀ ਆਦਿ ਲੋਕ ਨਾਚ ਪੇਸ਼ ਕਰ ਰਹੇ ਹਨ। ਇਸ ਦੌਰਾਨ ਵੱਖਰੀ ਤਰ੍ਹਾਂ ਦੇ ਸਾਜ਼ ਅਤੇ ਲੋਕ ਗੀਤ ਸਰੋਤਿਆਂ ਦੇ ਮਨਾਂ ’ਤੇ ਵਿਲੱਖਣ ਛਾਪ ਛੱਡ ਰਹੇ ਹਨ। ਉਪਰੋਕਤ ਸੂਬਿਆਂ ਦੇ ਸਭਿਆਚਾਰਾਂ ਦੀਆਂ ਕਲਾਵਾਂ ਦਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇਹਾ ਸਿੰਘ ਦੇ ਹੁਕਮਾਂ ਅਨੁਸਾਰ ਕਲਾਕਾਰਾਂ ਦੀ ਰਿਹਾਇਸ਼ ਤੇ ਹੋਰ ਪ੍ਰਬੰਧਾਂ ਲਈ ਠੋਸ ਪ੍ਰਬੰਧ ਕੀਤੇ ਗਏ ਹਨ।
ਕੱਚੀ ਘੋੜੀ ਦੇ ਕਲਾਕਾਰ ਸੈਲਾਨੀਆਂ ਦਾ ਕਰ ਰਹੇ ਨੇ ਮਨੋਰੰਜਨ
ਨਾਰਥ ਜ਼ੋਨ ਕਲਚਰਲ ਆਰਟਸ ਸੈਂਟਰ ਅਧਿਕਾਰੀ ਭੁਪੇਂਦਰ ਸਿੰਘ ਨੇ ਕਿਹਾ ਕਿ ਕੱਚੀ ਘੋੜੀ ਦੇ ਕਲਾਕਾਰ ਹਰ ਸਾਲ ਕੌਮਾਂਤਰੀ ਗੀਤਾ ਮਹਾਉਤਸਵ ਵਿੱਚ ਪਹੁੰਚਦੇ ਹਨ। ਇਹ ਕਲਾ ਰਾਜਸਥਾਨ ਦੀ ਹੈ ਅਤੇ ਇਸ ਵਾਰ ਵੀ ਕੱਚੀ ਘੋੜੀ ਦਾ ਜਥਾ ਇੱਥੇ ਪਹੁੰਚਿਆ ਹੈ। ਇਸ ਗਰੁੱਪ ਦੇ ਕਲਾਕਾਰ ਰਾਜਸਥਾਨ ਦੀ ਰਵਾਇਤ ਅਨੁਸਾਰ ਕੱਚੀ ਘੋੜੀ ਨਾਚ ਲਗਾਤਾਰ ਪੇਸ਼ ਕਰ ਰਹੇ ਹਨ। ਲੋਕ ਇਸ ਡਾਂਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਸਟਿੱਕ ਵਾਕਰ ਖਿੱਚ ਦਾ ਕੇਂਦਰ ਬਣੇ
ਨਾਰਥ ਜ਼ੋਨ ਕਲਚਰਲ ਆਰਟਸ ਸੈਂਟਰ ਵੱਲੋਂ ਕੌਮਾਂਤਰੀ ਗੀਤਾ ਮਹਾਉਤਸਵ ਲਈ ਸਟਿਕ ਵਾਕਰ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਟਿੱਕ ਵਾਕਰ ਪੈਰਾਂ ਹੇਠ ਬਾਂਸ ਬੰਨ੍ਹ ਕੇ ਆਪਣਾ ਕੱਦ ਵਧਾਉਂਦੇ ਹਨ ਅਤੇ ਪੂਰੇ ਮੇਲੇ ਦੀ ਸੈਰ ਕਰਦੇ ਹਨ। ਸਟਿੱਕ ਵਾਕਰ ਛੋਟੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣ ਗਏ ਹਨ। ਕਈ ਵਾਰ ਸਟਿੱਕ ਵਾਕ ਕਰਨ ਵਾਲੇ ਵੀ ਬੱਚਿਆਂ ਨੂੰ ਹੱਥਾਂ ਵਿੱਚ ਚੁੱਕ ਲੈਂਦੇ ਹਨ। ਇਹ ਕਲਾਕਾਰ ਲਗਾਤਾਰ ਲੋਕਾਂ ਦਾ ਧਿਆਨ ਖਿੱਚ ਰਹੇ ਹਨ।