ਕੌਮਾਂਤਰੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਦਸੰਬਰ
ਦਿੱਲੀ ਦੇ ਉੱਤਰੀ ਖੇਤਰ-ਦੋ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਕੌਮਾਂਤਰੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਨੇਤਾਜੀ ਸੁਭਾਸ਼ ਪਲੇਸ, ਪੀਤਮਪੁਰਾ ਦੇ ਖੇਤਰ ਵਿੱਚ ਚੱਲ ਰਿਹਾ ਸੀ। ਇਸ ਮਾਮਲੇ ’ਚ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸ਼ਾਂਤਨੂੰ, ਸਵਪਨ, ਵਰਿੰਦਰ ਅਤੇ ਪੰਕਜ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਸਟਾਫ ਦੇ 20 ਹੋਰ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਕੋਲੋਂ 18 ਕੰਪਿਊਟਰ, 4 ਮੋਬਾਈਲ ਫੋਨ, 1 ਲੈਪਟਾਪ, 1 ਰਾਊਟਰ ਆਦਿ ਸਾਮਾਨ ਬਰਾਮਦ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਰਾਵਿੰਦਰ ਯਾਦਵ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਨੇਤਾਜੀ ਸੁਭਾਸ਼ ਪਲੇਸ ਵਿੱਚ ਟਰੈਵਲ ਵਾਲਟ ਨਾਮ ਦੀ ਟਰੈਵਲ ਏਜੰਸੀ ਦੀ ਆੜ ਵਿੱਚ ਫਰਜ਼ੀ ਕਾਲ ਸੈਂਟਰ ਚੱਲ ਰਿਹਾ ਹੈ, ਜਿੱਥੇ ਸਸਤੇ ਹਵਾਈ ਕਿਰਾਏ ਦੇ ਬਹਾਨੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਟੀਮ ਨੇ ਉੱਥੇ ਦਫ਼ਤਰ ਵਿੱਚ ਛਾਪਾ ਮਾਰ ਮਾਰਿਆ ਤਾਂ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਹੋਇਆ, ਜਿੱਥੇ ਸਸਤੇ ਹਵਾਈ ਕਿਰਾਏ ਦੇ ਬਹਾਨੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰੀ ਜਾ ਰਹੀ ਸੀ। ਜਾਂਚ ਦੌਰਾਨ 4 ਮੁੱਖ ਮੁਲਜ਼ਮ ਆਪਣੇ 20 ਸਹਾਇਕ ਸਟਾਫ ਸਣੇ ਮੌਜੂਦ ਪਾਏ ਗਏ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦਾ ਰੋਹਿਤ ਦਾਸ ਨਾਂ ਦਾ ਇੱਕ ਸਾਥੀ ਅਮਰੀਕਾ ਵਿੱਚ ਹੈ, ਜੋ ਮਿਲ ਕੇ ਇੱਕ ਯਾਤਰਾ ਵੈਬਸਾਈਟ ਚਲਾ ਰਹੇ ਸਨ। ਜਦੋਂ ਵੀ ਕਿਸੇ ਯਾਤਰੀ ਨੇ ਯੂਐੱਸ ਏਅਰਲਾਈਨਜ਼ ਤੋਂ ਆਪਣੀ ਯਾਤਰਾ ਯੋਜਨਾਵਾਂ ਦੇ ਵੇਰਵਿਆਂ ਬਾਰੇ ਪੁੱਛਗਿੱਛ ਕਰਨੀ ਹੁੰਦੀ ਤਾਂ ਉਨ੍ਹਾਂ ਨੂੰ ਇਸ ਕਾਲ ਸੈਂਟਰ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜੋ ਲੋਕਾਂ ਨੂੰ ਸਸਤੀ ਟਿਕਟ ਦਾ ਝਾਂਸਾ ਦੇ ਕੇ ਲੁਭਾਉਂਦੇ ਸਨ।