ਪੰਜਾਬ ਪੁਲੀਸ ਵੱਲੋਂ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਪੁਲੀਸ ਨੇ ਇਕ ਵੱਡੀ ਮੁਹਿੰਮ ਦੌਰਾਨ ਇਕ ਕੌਮਾਂਤਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲੀਸ ਨੇ ਡੇਢ ਕਿਲੋ ਹੈਰੋਇਨ ਜ਼ਬਤ ਕੀਤੀ ਹੈ ਅਤੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਪੰਜਾਬ ਪੁਲੀਸ ਦੇ ਡੀਜੀਪੀ ਦੇ ‘ਐਕਸ’ ਹੈਂਡਲ ਉਤੇ ਸ਼ੇਅਰ ਕੀਤੀ ਗਈ ਇਕ ਪੋਸਟ ਤੋਂ ਮਿਲੀ ਹੈ। ਇਸ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਅਤੇ ਕ੍ਰਿਸ਼ਨ ਵਜੋਂ ਹੋਈ ਹੈ, ਜਿਹੜੇ ਇਸ ਡਰੱਗ ਸਿੰਡੀਕੇਟ ਨਾਲਜੁੜੇ ਹੋਏ ਸਨ। ਡੀਜੀਪੀ ਦੀ ਅੰਗਰੇਜ਼ੀ ਵਿਚ ਕੀਤੀ ਗਈ ‘ਐਕਸ’ ਪੋਸਟ ਵਿਚ ਕਿਹਾ ਗਿਆ ਹੈ, ‘‘ਐੱਸਏਐੱਸ ਨਗਰ (ਮੁਹਾਲੀ) ਪੁਲੀਸ ਨੇ ਇਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਦੋ ਵਿਅਕਤੀਆਂ - ਸੁਖਦੀਪ ਸਿੰਘ ਤੇ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’
ਪੁਲੀਸ ਦਾ ਦਾਅਵਾ ਹੈ ਕਿ ਇਹ ਨੈਟਵਰਕ ਕੌਮਾਂਤਰੀ ਡਰੱਗ ਕਾਰਟਲ ਨਾਲ ਜੁੜਿਆ ਹੋਇਆ ਹੈ। ਇਸ ਵਿਚ ਦਿੱਲੀ ਸਥਿਤ ਅਫ਼ਗ਼ਾਨ ਹੈਂਡਲਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਟਵੀਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫੜਿਆ ਗਿਆ ਮੁਲਜ਼ਮ ਸੁਖਦੀਪ ਸਿੰਘ ਪਹਿਲਾਂ 2020 ਦੇ ਅਗਵਾ ਦੇ ਇਕ ਕੇਸ ਵਿਚ ਸ਼ਾਮਲ ਸੀ ਅਤੇ ਮਈ 2024 ਵਿਚ ਹੀ ਜ਼ਮਾਨਤ ਉਤੇ ਬਾਹਰ ਆਇਆ ਸੀ। ਮੁਲਜ਼ਮ ਬਿਨਾਂ ਬਾਹਾਂ ਵਾਲੀਆਂ ਜੈਕਟਾਂ ਵਿਚ ਲੁਕਾ ਕੇ ਹੈਰੋਇਨ ਦੀ ਸਮਗਲਿੰਗ ਕਰਦੇ ਸਨ।