ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਗੁਰੂ ਗ੍ਰੰਥ ਸਾਹਿਬ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
ਡਾ. ਹਿਮਾਂਸ਼ੂ ਸੂਦ
ਫਤਿਹਗੜ੍ਹ ਸਾਹਿਬ, 7 ਨਵੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਸਿੱਖ ਅਜੂਕੇਸ਼ਨ ਕਾਉਂਸਿਲ, ਯੂਕੇ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਿਪੇਖ’ ਵਿਸ਼ੇ ’ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਵੀਰਵਾਰ ਨੂੰ ਯੂਨੀਵਰਸਿਟੀ ਦੇ ਚਾਂਸਲਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂਨੀਵਰਸਿਟੀ ਦੇ ਇਸ ਸਲਾਨਾ ਉੱਦਮ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਨੂੰ ਜੀਵਨਜਾਚ ਲਈ ਸੇਧ ਦਿੰਦੇ ਹਨ ਅਤੇ ਹਰ ਸਿੱਖ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਾਨਫਰੰਸ ਦੇ ਸੰਦੇਸ਼ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕਿਹਾ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹਨ ਜਿਨ੍ਹਾਂ ਦੇ ਪ੍ਰਚਾਰ ਪ੍ਰਸਾਰ ਅਤੇ ਅਮਲ ਦੀ ਸਖਤ ਲੋੜ ਹੈ। ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਸ ਸਲਾਨਾ ਅੰਤਰਰਾਸ਼ਟਰੀ ਕਾਨਫਰੰਸ ਦੇ ਵਿਸ਼ੇ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਪੇਖ’ ਨੂੰ ਮਹੱਤਵਪੂਰਨ ਆਖਦਿਆਂ ਉਨ੍ਹਾਂ ਆਖਿਆ ਕਿ ਖਾਲਸਾ ਪੰਥ ਨੂੰ ਵਰਲਡ ਯੂਨੀਵਰਸਿਟੀ ਤੋਂ ਵੱਡੀਆਂ ਆਸਾਂ ਹਨ।
‘ਗੁਰਬਾਣੀ ਅਧਿਆਤਮ ਦੇ ਨਾਲ ਨਾਲ ਵੱਖ-ਵੱਖ ਵਿਸ਼ਿਆਂ ’ਤੇ ਵਡਮੁੱਲੀ ਸੇਧ ਦਿੰਦੀ ਹੈ’
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਗੁਰਬਾਣੀ ਅਧਿਆਤਮ ਦੇ ਨਾਲ ਨਾਲ ਮਨ, ਸਮਾਜ, ਰਾਜਨੀਤੀ, ਵਿੱਦਿਆ, ਵਾਤਾਵਰਨ, ਨੈਤਿਕਤਾ, ਦਰਸ਼ਨ ਅਤੇ ਮਨੁੱਖੀ ਅਧਿਕਾਰ ਆਦਿ ਵਿਸ਼ਿਆਂ ਵਿੱਚ ਵਡਮੁੱਲੀ ਸੇਧ ਦਿੰਦੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਤਰਗਤ ਚੱਲ ਰਹੇ ਵੱਖੋ ਵੱਖ ਵਿਭਾਗ ਆਪਣੇ ਵਿਸ਼ੇ ਨੂੰ ਗੁਰਬਾਣੀ ਦੀ ਲੋਅ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਪਾਸੇ ਖੋਜ ਅਤੇ ਪ੍ਰਕਾਸ਼ਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਆਖਿਆ ਕਿ ਵਿਗਿਆਨ, ਪ੍ਰਬੰਧਨ ਅਤੇ ਤਕਨੀਕ ਦੇ ਖੇਤਰ ਵਿੱਚ ਵੀ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਗੁਰਮਤਿ ਸੰਗੀਤ ਜਗਤ ਦੇ ਨਾਮਵਰ ਵਿਦਵਾਨ ਪ੍ਰੋਫੈਸਰ ਗੁਰਨਾਮ ਸਿੰਘ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਕੈਨੇਡਾ ਨੇ ਇਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਦੇ ਵਕਤਾ ਵਜੋਂ ਆਖਿਆ ਕਿ ਅੱਜ ਵਿਸ਼ਵ ਨੂੰ ਗੁਰਬਾਣੀ ਦੀ ਸੇਧ ਅਤੇ ਪ੍ਰੇਰਨਾ ਦੀ ਵੱਡੀ ਲੋੜ ਹੈ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਸਿੱਖੀ ਦੇ ਪੁਰਾਤਨ ਸਰੋਤ ਗ੍ਰੰਥ ਮਹੱਤਵਪੂਰਨ ਸਾਬਤ ਹੁੰਦੇ ਹਨ।
ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਨੁਮਾਇੰਦੇ ਵੱਲੋਂ ਡੈਲੀਗੇਟਸ ਨੂੰ ਮੁਬਾਰਕਬਾਦ
ਕਾਨਫਰੰਸ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ ਡਾ. ਅਵਤਾਰ ਸਿੰਘ ਯੂਕੇ ਨੇ ਕਾਨਫਰੰਸ ਵਿੱਚ ਪੁੱਜੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟਸ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਗੁਰਬਾਣੀ ਬਾਰੇ ਖੋਜ ਅਤੇ ਅਧਿਐਨ ਦਾ ਨਿਜੀ ਅਤੇ ਸਮਾਜਿਕ ਦੋਹਾਂ ਪੱਖਾਂ ਤੋਂ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਅਤੇ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਜਰਮਨੀ ਅਤੇ ਯੂਕੇ ਤੋਂ ਵੱਡੀ ਗਿਣਤੀ ਵਿੱਚ ਵਿਦਵਾਨ ਅਤੇ ਖੋਜਾਰਥੀ ਪੇਪਰ ਪੇਸ਼ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਦੀ ਪ੍ਰੋਸੀਡਿੰਗ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅੱਜ ਸ਼ੁਰੂ ਹੋਈ ਕਾਨਫਰੰਸ ਵਿੱਚੋਂ ਵੀ ਚੋਣਵੇਂ ਪਰਚੇ ਪ੍ਰਕਾਸ਼ਿਤ ਕੀਤੇ ਜਾਣਗੇ।
ਕਾਨਫਰੰਸ ਦੇ ਕੋ-ਕਨਵੀਨਰ ਡਾ. ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਦੱਸਿਆ ਕਿ ਅੱਜ ਉਦਘਾਟਨੀ ਸੈਸ਼ਨ ਪਿੱਛੋਂ ਭਾਸ਼ਾ, ਸਮਾਜ, ਸ਼ਾਸਤਰ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਿੱਖਿਆ ਆਦਿ ਵਿਸ਼ਿਆਂ ’ਤੇ ਚਾਰ ਵੱਖੋ ਵੱਖ ਤਕਨੀਕੀ ਸੈਸ਼ਨ ਹੋਏ ਅਤੇ ਬਕਾਇਆ ਚਾਰ ਸੈਸ਼ਨ ਆਫਲਾਈਨ ਅਤੇ ਦੋ ਸੈਸ਼ਨ ਆਨਲਾਈਨ ਭਲਕੇ ਕਰਵਾਏ ਜਾਣਗੇ। ਪ੍ਰੋਫੈਸਰ ਜਸਪਾਲ ਕੌਰ ਕਾਂਗ, ਧਰਮ ਅਧਿਐਨ ਵਿਭਾਗ ਨੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਿਲ ਹੋਏ ਵਿਦਵਾਨਾਂ, ਮਹਿਮਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ।
ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਦਵਾਨ ਕਰ ਰਹੇ ਨੇ ਸ਼ਿਰਕਤ
ਪ੍ਰੋਫੈਸਰ ਸਵਰਾਜ ਰਾਜ, ਅੰਗਰੇਜ਼ੀ ਵਿਭਾਗ, ਪ੍ਰੋਫੈਸਰ ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਜਸਪਾਲ ਕੌਰ ਕਾਂਗ, ਧਰਮ ਅਧਿਅਨ ਵਿਭਾਗ, ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜ ਸ਼ਾਸਤਰ ਵਿਭਾਗ, ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਰਾਜਨੀਤੀ ਸ਼ਾਸਤਰ ਵਿਭਾਗ, ਪ੍ਰੋਫੈਸਰ ਜਸਪਾਲ ਕੌਰ ਧੰਜੂ, ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੱਖ ਵੱਖ ਤਕਨੀਕੀ ਸੈਸ਼ਨਾਂ ਵਿੱਚ ਬਤੌਰ ਚੇਅਰਪਰਸਨ ਅਤੇ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ।
ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਅੰਕਦੀਪ ਕੌਰ, ਅੰਗਰੇਜ਼ੀ ਵਿਭਾਗ, ਡਾ. ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ ਅਤੇ ਡਾ. ਨਵ ਸ਼ਗਨ ਦੀਪ ਕੌਰ ਮੁਖੀ ਸਮਾਜ ਸ਼ਾਸਤਰ ਵਿਭਾਗ ਇਨ੍ਹਾਂ ਸੈਸ਼ਨਾਂ ਵਿੱਚ ਬਤੌਰ ਵਿਸ਼ਾ ਮਾਹਰ ਸ਼ਾਮਿਲ ਹੋਏ। ਬਾਹਰੋਂ ਆਏ ਵਿਦਵਾਨਾਂ ਅਤੇ ਮਹਿਮਾਨਾਂ ਨੇ ਵੱਡੀ ਗਿਣਤੀ ਵਿੱਚ ਪੇਸ਼ ਕੀਤੇ ਗਏ ਖੋਜ ਪਰਚਿਆਂ ਦੇ ਮਿਆਰ ਅਤੇ ਸੇਧ ਦੀ ਸਲਾਘਾ ਕਰਦਿਆਂ ਆਖਿਆ ਕਿ ਗੁਰਬਾਣੀ ਦੇ ਬਹੁ-ਅਨਸ਼ਾਸਨੀ ਅਧਿਐਨ ਲਈ ਇਹ ਕਾਨਫਰੰਸ ਇਕ ਮੀਲ ਪੱਥਰ ਸਾਬਤ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰੀਆ, ਗੁਰਦੀਪ ਸਿੰਘ ਕੰਗ, ਸੁਰਿੰਦਰ ਪਾਲ ਸਿੰਘ ਕਿਸ਼ਨਪੁਰਾ ਮੈਂਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਪ੍ਰੋਫੈਸਰ ਨਵਦੀਪ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ, ਡਾ. ਕਿਰਨਦੀਪ ਕੌਰ, ਧਰਮ ਅਧਿਐਨ ਵਿਭਾਗ, ਡਾ. ਸੁਮਿਤ ਕੁਮਾਰ, ਮੁਖੀ, ਅਰਥ-ਸ਼ਾਸਤਰ, ਹਰਪ੍ਰੀਤ ਸਿੰਘ, ਮੁਖੀ ਸੰਗੀਤ ਵਿਭਾਗ, ਡਾ. ਚਰਨ ਕਮਲ ਸੇਖੋਂ, ਮੁਖੀ ਜ਼ੂਆਲੋਜੀ ਵਿਭਾਗ, ਰਮਨਦੀਪ ਕੌਰ ਰਾਜਨੀਤੀ ਸ਼ਾਸਤਰ ਵਿਭਾਗ, ਡਾ ਸਰਪ੍ਰੀਤ ਸਿੰਘ, ਡਾ ਜਸਪ੍ਰੀਤ ਕੌਰ ਖੇਤੀਬਾੜੀ ਵਿਭਾਗ ਆਦਿ ਹਾਜ਼ਰ ਸਨ।