ਖੇਤੀ ਤੇ ਭੋਜਨ ਪ੍ਰਣਾਲੀ ਬਾਰੇ ਕੌਮਾਂਤਰੀ ਕਾਨਫਰੰਸ ਸਮਾਪਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਨਵੰਬਰ
ਪੀਏਯੂ ਵਿੱਚ ਜਲਵਾਯੂ ਪਰਿਵਰਤਨ ਤੇ ਊਰਜਾ ਬਦਲਾਅ ਸਾਮਹਣੇ ਖੇਤੀ ਤੇ ਭੋਜਨ ਪ੍ਰਣਾਲੀ ਦੀ ਤਬਦੀਲੀ ਵਿਸ਼ੇ ’ਤੇ ਚੱਲ ਰਹੀ ਚਾਰ ਰੋਜ਼ਾ ਕੌਮਾਂਤਰੀ ਕਾਨਫਰੰਸ ਅੱਜ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਵਾਈ.ਐੱਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਨੌਨੀ, ਸੋਲਨ ਦੇ ਉਪ ਕੁਲਪਤੀ ਡਾ. ਰਾਜੇਸ਼ਵਰ ਸਿੰਘ ਚੰਦੇਲ ਨੇ ਸਮਾਪਤੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਡੀਅਨ ਈਕੋਲੋਜੀਕਲ ਸੁਸਾਇਟੀ ਵੱਲੋਂ ਪੀਏਯੂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਾਨਫਰੰਸ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਮਾਹਰਾਂ ਨੇ ਭਾਗ ਲਿਆ। ਅੱਜ ਆਖਰੀ ਦਿਨ ਭਵਿੱਖ ਵਿਚ ਜੰਗਲ ਪ੍ਰਬੰਧਨ: ਜਲਵਾਯੂ ਅਨੁਕੂਲਤਾ ਵਿਸ਼ੇ ’ਤੇ ਇੱਕ ਤਕਨੀਕੀ ਸੈਸ਼ਨ ਵੀ ਕਰਵਾਇਆ ਗਿਆ। ਸਮਾਪਤੀ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਗੋਸਲ ਨੇ ਜਲਵਾਯੂ ਪਰਿਵਰਤਨ ਰਾਹੀਂ ਸਮੁੱਚੀ ਮਨੁੱਖਤਾ ਲਈ ਪੈਦਾ ਹੋ ਰਹੇ ਖ਼ਤਰੇ ਵੱਲ ਇਸ਼ਾਰਾ ਕੀਤਾ। ਸਥਿਰ ਖੇਤੀ ਭੋਜਨ ਪ੍ਰਬੰਧ ਪਰਿਵਰਤਨ ਲਈ ਵਾਤਾਵਰਨ ਸੁਰੱਖਿਆ ਵਿਸ਼ੇ ’ਤੇ ਡਾ. ਕਿਰਨ ਕੁਮਾਰ ਟੀ.ਐਮ ਨੇ ਬੋਲਿਆ।