ਭੋਲਾ ਟਿੱਬਾ ਦੇ ਗੀਤ ਨੂੰ ਕੌਮਾਂਤਰੀ ਐਵਾਰਡ
ਪੱਤਰ ਪ੍ਰੇਰਕ
ਸ਼ੇਰਪੁਰ, 21 ਨਵੰਬਰ
ਬਲਾਕ ਸ਼ੇਰਪੁਰ ਦੇ ਪਿੰਡ ਟਿੱਬਾ ਦੇ ਵਸਨੀਕ ਨਾਮਵਰ ਚਿੱਤਰਕਾਰ, ਫੋਟੋਗ੍ਰਾਫ਼ਰ ਤੇ ਗੀਤਕਾਰ ਭੋਲਾ ਸਿੰਘ ਟਿੱਬਾ ਦੇ ਗੀਤ ‘307 ਬਣਜੂ’ ਨੂੰ ਬੈਂਕਾਕ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2024 ’ਚ ਐਵਾਰਡ ਮਿਲਣ ’ਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਆਲਮ ਹੈ। ਗੀਤਕਾਰ ਭੋਲਾ ਸਿੰਘ ਟਿੱਬਾ ਨੇ ਦਾਅਵਾ ਕੀਤਾ ਕਿ ਲੋਕ ਗਾਇਕਾ ਦੀਪੀ ਹਰਦੀਪ ਦੀ ਆਵਾਜ਼ ’ਚ ਗਾਏ ਗੀਤ ਨੂੰ ਸੰਗੀਤ ਤੋਚੀ ਬਾਈ, ਵੀਡੀਓ ਡਾਇਰੈਕਟਸ਼ਨ ਹਰਪ੍ਰੀਤ ਮਾਹੀ, ਵੀਡੀਓ ਐਕਟਿੰਗ ਗਗਨ ਸਟੂਡੀਓ ਅਤੇ ਕੇਹਰ ਸਿੰਘ ਮੋਰਾਂਵਾਲੀ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ। ਸ੍ਰੀ ਟਿੱਬਾ ਅਨੁਸਾਰ ਗੀਤ ਦੇ ਬੋਲਾਂ ’ਤੇ ਕੀਤੇ ਵੀਡੀਓ ਫਿਲਮਾਂਕਣ ਨੂੰ ਸੋਸ਼ਲ ਮੀਡੀਆ ’ਤੇ ਵਾਚਣ ਮਗਰੋਂ ਸੰਸਥਾ ਯੂਨੀਵਰਸਲ ਫਿਲਮ ਮੇਕਰਜ਼ ਕੌਂਸਲ ਬੈਂਕਾਕ ਨੇ ਗਾਇਕਾ ਤੱਕ ਪਹੁੰਚ ਕੀਤੀ ਅਤੇ ਗੀਤ ਨੂੰ ਆਪਣੀ ਐਵਾਰਡ ਲਿਸਟ ਵਿੱਚ ਸ਼ਾਮਲ ਕਰ ਲਿਆ ਸੀ। ਗੀਤਕਾਰ ਭੋਲਾ ਸਿੰਘ ਟਿੱਬਾ ਦੇ ਲਿਖੇ ਗੀਤ ਇਸ ਤੋਂ ਪਹਿਲਾਂ ਲੋਕ ਗਾਇਕ ਮਿੰਟੂ ਧੂਰੀ, ਭਗਵਾਨ ਹਾਂਸ, ਇਕਬਾਲ ਧਾਲੀਵਾਲ ਲੋਕ ਗਾਇਕਾ ਜੱਸੀ ਸਮੇਤ ਕਈਆਂ ਦੀ ਆਵਾਜ਼ ’ਚ ਰਿਕਾਰਡ ਹੋ ਚੁੱਕੇ ਹਨ। ਇਸੇ ਦੌਰਾਨ ਪੰਜਾਬੀ ਫ਼ਿਲਮ ‘ਅਸੀਸ’ ਦੇ ਲਾਈਨ ਡਾਇਰੈਕਟਰ ਪ੍ਰਦੀਪ ਸੰਧੂ ਸਮੇਤ ਟੀਮ, ਅਦਾਕਾਰ ਸਰਦਾਰ ਸੋਹੀ, ਐਡਵੋਕੇਟ ਜਗਮੇਲ ਸਿੰਘ ਟਿੱਬਾ, ਸਾਹਿਤਕਾਰ ਸੁਖਦੇਵ ਔਲਖ ਤੇ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਨੇ ਪਿੰਡ ਟਿੱਬਾ ਦਾ ਮਾਣ ਵਧਾਉਣ ਲਈ ਗੀਤਕਾਰ ਨੂੰ ਮੁਬਾਰਕਬਾਦ ਦਿੱਤੀ ਹੈ।