ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 26 ਜੂਨ
ਜ਼ਿਲ੍ਹਾ ਸਿਹਤ ਵਿਭਾਗ ਅਤੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਵੱਲੋਂ ਆਈਟੀਆਈ (ਲੜਕੇ), ਪਟਿਆਲਾ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਵਿੱਚ ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਆਦਤ ਨਸ਼ਾ ਕਰਨ ਵਾਲਿਆਂ ਦੇ ਸਰੀਰ ਅਤੇ ਦਿਮਾਗ਼ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ,ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖ਼ਤਮ ਕਰ ਦਿੰਦੀ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਹੌਲੀ-ਹੌਲੀ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਖ਼ਤਮ ਕਰ ਦਿੰਦਾ ਹੈ। ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਇੰ: ਸਾਕੇਤ ਹਸਪਤਾਲ ਪਰਮਿੰਦਰ ਕੌਰ, ਇੰਸਪੈਕਟਰ ਟਰੈਫ਼ਿਕ ਪੁਲੀਸ ਕਰਮਜੀਤ ਕੌਰ , ਕਾਕਾ ਰਾਮ ਵਰਮਾ ,ਟ੍ਰੇਨਿੰਗ ਅਫ਼ਸਰ ਆਈਟੀਆਈ ਦਵਿੰਦਰਪਾਲ ਸਿੰਘ ਹਾਜ਼ਰ ਸਨ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਅੱਜ ਸਰਕਾਰੀ ਸਿਵਲ ਹਸਪਤਾਲ ਵਿੱਚ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਸੰਜੇ ਮਾਥੁਰ ਦੀ ਅਗਵਾਈ ਵਿੱਚ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ, ਕੌਂਸਲਰ ਗੁਰਵਿੰਦਰ ਸਿੰਘ ਢੀਡਸਾ ਭਵਾਨੀਗੜ੍ਹ ਨੇ ਸੰਬੋਧਨ ਕੀਤਾ।