ਪਿੰਡ ’ਚ ਮੁੰਡੇ-ਕੁੜੀ ਦੇ ਆਪਸੀ ਵਿਆਹ ’ਤੇ ਲਾਈ ਰੋਕ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਨਵੰਬਰ
ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਿੱਚ ਹੀ ਮੁੰਡੇ ਜਾਂ ਕੁੜੀ ਵੱਲੋਂ ਆਪਸੀ ਵਿਆਹ ਕਰਵਾਉਣ ਵਿਰੁੱਧ ਮਤਾ ਪਾਇਆ ਹੈ। ਪੰਚਾਇਤ ਵੱਲੋਂ ਇਹ ਵੀ ਮਤਾ ਪਾਇਆ ਗਿਆ ਕਿ ਜੇ ਕੋਈ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਗ੍ਰਾਮ ਪੰਚਾਇਤ ਜਵਾਹਰਕੇ ਨੇ ਮਤਾ ਪਾਸ ਕਰਕੇ ਅਜਿਹਾ ਕਰਨ ਵਾਲੇ ਮੁੰਡੇ-ਕੁੜੀ ਦਾ ਸਮਾਜਿਕ ਬਾਈਕਾਟ, ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਾ ਰੱਖਣ ਅਤੇ ਪਿੰਡੋਂ ਬਾਹਰ ਕੱਢਣ ਦਾ ਮਤਾ ਪਾਇਆ ਹੈ। ਪੰਚਾਇਤ ਵੱਲੋਂ ਪਾਏ ਇਸ ਲਿਖਤੀ ਮਤੇ ਮੁਤਾਬਕ ਪਿੰਡ ਵਿੱਚ ਵਿਆਹ ਕਰਵਾਉਣ ਵਾਲਾ ਮੁੰਡਾ-ਕੁੜੀ ਇਥੇ ਨਹੀਂ ਰਹਿ ਸਕਣਗੇ। ਇਸ ਤੋਂ ਇਲਾਵਾ ਪੰਚਾਇਤ ਨੇ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਦੀ ਮੱਦਦ ਕਰਨ ਵਾਲੇ ਦਾ ਵੀ ਬਾਈਕਾਟ ਕਰਨ ਦਾ ਆਪਣੇ ਮਤੇ ਵਿੱਚ ਜ਼ਿਕਰ ਕੀਤਾ ਹੈ। ਸਰਪੰਚ ਰਣਵੀਰ ਕੌਰ ਨੇ ਦੱਸਿਆ ਕਿ ਸਕੂਲ ਦੇ ਟਾਈਮ ਬੱਸ ਅੱਡੇ ਵਿੱਚ ਕੋਈ ਵੀ ਮੁੰਡਾ ਬਿਨਾਂ ਕੰਮ ਤੋਂ ਖੜ੍ਹਦਾ ਤਾਂ ਉਹ ਆਪਣੀ ਜ਼ਿੰਮੇਵਾਰੀ ਖੁਦ ਲਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚਾਰੇ ਪਾਸੇ ਬਿਨਾਂ ਕੰਮ ਤੋਂ ਖੜ੍ਹਨ ਦੀ ਪਾਬੰਦੀ ਲਗਾਈ ਗਈ। ਪਿੰਡ ਵਿੱਚ ਗੰਦ ਫੈਲਾਉਣ, ਸੜਕ ਦੀ ਜਗ੍ਹਾ ਵਿੱਚ ਕੋਈ ਵੀ ਕੂੜਾ-ਕਰਕਟ ਨਾ ਸੁੱਟਣ ਅਤੇ ਪਿੰਡ ਦੀ ਫਿਰਨੀ ’ਤੇ ਜੋ ਪਹਾੜੀ ਕਿੱਕਰਾਂ ਨੂੰ ਕੋਈ ਵੀ ਕੱਟ ਕੇ ਲਿਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਰਕਾਰੀ ਸੰਸਥਾ ਵਿੱਚ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਬਣਦੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਸਮਸ਼ਾਨਘਾਟ, ਗਰਾਊਂਡ, ਵਾਟਰ ਵਰਕਸ ਅਤੇ ਪਾਰਕਾਂ ਵਿੱਚ ਕੁੱਤੇ ਅਤੇ ਬੱਕਰੀਆਂ ਲਿਜਾਣ ਲਈ ਪਾਬੰਦੀ ਲਾਈ ਗਈ ਹੈ। ਪੰਚਾਇਤ ਇਹ ਵੀ ਮੰਨਦੀ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਨਾਲ ਪਿੰਡ ਦੇ ਸਮਾਜਿਕ ਭਾਈਚਾਰੇ ’ਤੇ ਪ੍ਰਭਾਵ ਪਵੇਗਾ ਅਤੇ ਅਜਿਹੇ ਰੁਝਨਾਂ ਨੂੰ ਠੱਲ੍ਹ ਪਵੇਗੀ। ਮਹਿਲਾ ਸਰਪੰਚ ਨੇ ਇਹ ਵੀ ਕਿਹਾ ਕਿ ਪਰਵਾਸੀ ਮਜ਼ਦੂਰਾਂ ਬਾਰੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਵਾਲੀ ਕੋਈ ਗੱਲ ਨਹੀਂ ਹੈ।