ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਘੱਟ ਗਿਣਤੀਆਂ ਦੀ ਰੱਖਿਆ ਕਰੇ: ਅਮਰੀਕਾ
ਵਾਸ਼ਿੰਗਟਨ, 8 ਅਕਤੂਬਰ
ਅਮਰੀਕਾ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਬੰਗਲਾਦੇਸ਼ ਵਿੱਚ ਘੱਟਗਿਣਤੀ ਫਿਰਕਿਆਂ ਦੀ ਰੱਖਿਆ ਹੋਵੇ। ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਵਿੱਚ ਆਉਣ ਵਾਲੇ ਹਿੰਦੂ ਆਪਣਾ ਸਭ ਤੋਂ ਵੱਡਾ ਤਿਓਹਾਰ ਦੁਰਗਾ ਪੂਜਾ ਮਨਾ ਰਹੇ ਹਨ। ਅਮਰੀਕਾ ਦਾ ਇਹ ਬਿਆਨ ਬੰਗਲਾਦੇਸ਼ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਅਗਸਤ ਵਿੱਚ ਉਨ੍ਹਾਂ ਦੇ ਭਾਰਤ ਜਾਣ ਤੋਂ ਬਾਅਦ ਘੱਟਗਿਣਤੀ ਹਿੰਦੂਆਂ ’ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਯਕੀਨੀ ਤੌਰ ’ਤੇ ਅਸੀਂ ਬੰਗਲਾਦੇਸ਼ ਵਿੱਚ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਹੁੰਦੀ ਦੇਖਣਾ ਚਾਹੁੰਦੇ ਹਾਂ।’
ਮਿਲਰ ਤੋਂ ਕੁਝ ਧਾਰਮਿਕ ਕੱਟੜਪੰਥੀਆਂ ਵੱਲੋਂ ਹਿੰਦੂਆਂ ਨੂੰ ਉਨ੍ਹਾਂ ਦੇ ਸਭ ਤੋਂ ਵੱਡੇ ਤਿਓਹਾਰ ਦੁਰਗਾ ਪੂਜਾ ਦੌਰਾਨ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਗੱਲਾਂ ਆਖੀਆਂ। ਭਾਰਤ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਦੱਖਣੀ ਏਸ਼ਿਆਈ ਦੇਸ਼ ਵਿੱਚ ਹਿੰਦੂਆਂ ਲਈ ਸ਼ਾਂਤੀਪੂਰਨ ਧਾਰਮਿਕ ਸਮਾਰੋਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹਿੰਦੂਆਂ ਸਣੇ 600 ਤੋਂ ਵੱਧ ਲੋਕ ਮਾਰੇ ਗਏ, ਜਿਸ ਦੇ ਨਤੀਜੇ ਵਜੋਂ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ। -ਪੀਟੀਆਈ