ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਘੱਟ ਗਿਣਤੀਆਂ ਦੀ ਰਾਖੀ ਕਰੇ: ਭਾਰਤ
ਨਵੀਂ ਦਿੱਲੀ, 29 ਨਵੰਬਰ
ਭਾਰਤ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਸਾਰੇ ਘੱਟ ਗਿਣਤੀਆਂ ਦੀ ਰਾਖੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਭਾਰਤ ਨੇ ਨਾਲ ਹੀ ਗੁਆਂਢੀ ਮੁਲਕ ’ਚ ਭੜਕਾਊ ਬਿਆਨਬਾਜ਼ੀ ਅਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਭਾਰਤ ਨੇ ਬੰਗਲਾਦੇਸ਼ ਸਰਕਾਰ ਸਾਹਮਣੇ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਖ਼ਿਲਾਫ਼ ਖਤਰਿਆਂ ਤੇ ਮਿੱਥ ਕੇ ਕੀਤੇ ਜਾ ਰਹੇ ਹਮਲਿਆਂ ਦਾ ਮੁੱਦਾ ਲਗਾਤਾਰ ਦ੍ਰਿੜ੍ਹਤਾ ਨਾਲ ਚੁੱਕਿਆ ਹੈ। ਉਨ੍ਹਾਂ ਕਿਹਾ, ‘ਇਸ ਮਾਮਲੇ ’ਚ ਸਾਡਾ ਰੁਖ਼ ਸਪੱਸ਼ਟ ਹੈ। ਅੰਤਰਿਮ ਸਰਕਰ ਨੂੰ ਸਾਰੇ ਘੱਟ ਗਿਣਤੀਆਂ ਦੀ ਰਾਖੀ ਦੀ ਆਪਣੀ ਜ਼ਿੰਮਵੇਾਰੀ ਨਿਭਾਉਣੀ ਚਾਹੀਦੀ ਹੈ।’ -ਪੀਟੀਆਈ
ਬੰਗਲਾਦੇਸ਼ ਨੇ ਗ੍ਰਿਫ਼ਤਾਰ ਹਿੰਦੂ ਨੇਤਾ ਦੇ ਬੈਂਕ ਖਾਤੇ ਜਾਮ ਕੀਤੇ
ਢਾਕਾ:
ਬੰਗਲਾਦੇਸ਼ ਦੇ ਵਿੱਤੀ ਅਧਿਕਾਰੀਆਂ ਨੇ ਇਸਕੌਨ ਦੇ ਸਾਬਕਾ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਸਮੇਤ ਇਸ ਨਾਲ ਜੁੜੇ 17 ਵਿਅਕਤੀਆਂ ਦੇ ਬੈਂਕ ਖਾਤਿਆਂ ਰਾਹੀਂ ਲੈਣ-ਦੇਣ ’ਤੇ 30 ਦਿਨਾਂ ਲਈ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ‘ਪ੍ਰਥਮ ਆਲੋ’ ਅਖ਼ਬਾਰ ਮੁਤਾਬਕ ਬੰਗਲਾਦੇਸ਼ ਬੈਂਕ ਦੀ ਵਿੱਤੀ ਖ਼ੁਫੀਆ ਇਕਾਈ (ਬੀਐੱਫਆਈਯੂ) ਨੇ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਹ ਨਿਰਦੇਸ਼ ਜਾਰੀ ਕਰਦਿਆਂ ਇਨ੍ਹਾਂ ਖਾਤਿਆਂ ਤੋਂ ਹਰ ਤਰ੍ਹਾਂ ਦੇ ਲੈਣ-ਦੇਣ ’ਤੇ ਮਹੀਨੇ ਲਈ ਪਾਬੰਦੀ ਲਗਾ ਦਿੱਤੀ। ਬੀਐੱਫਆਈਯੂ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਨ੍ਹਾਂ ਬੈਂਕ ਖਾਤਿਆਂ ਨਾਲ ਸਬੰਧਤ ਜਾਣਕਾਰੀ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਭੇਜਣ ਲਈ ਕਿਹਾ ਹੈ। -ਪੀਟੀਆਈ