ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਲੋਕਤੰਤਰ ਦੀ ਜਿੱਤ: ਗੋਪਾਲ ਰਾਏ

10:14 AM May 11, 2024 IST
ਪ੍ਰੈੱਸ ਕਾਨਫਰੰਸ ਦੌਰਾਨ ਜੇਤੂ ਚਿੰਨ੍ਹ ਬਣਾਉਂਦੇ ਹੋਏ ਸੌਰਭ ਭਾਰਦਵਾਜ, ਗੋਪਾਲ ਰਾਏ, ਆਤਿਸ਼ੀ ਤੇ ਹੋਰ ‘ਆਪ’ ਆਗੂ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਮਈ
ਆਮ ਆਦਮੀ ਪਾਰਟੀ (ਆਪ) ਨੇ ਅੱਜ ਆਪਣੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਰਿਹਾਈ ਨਾਲ ਦੇਸ਼ ਵਿੱਚ ‘ਵੱਡੇ ਬਦਲਾਅ’ ਦਾ ਰਾਹ ਪੱਧਰਾ ਹੋਵੇਗਾ। ਇੱਥੇ ਪਾਰਟੀ ਦਫ਼ਤਰ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਵਿੱਚ ‘ਆਪ’ ਆਗੂ ਅਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਅੰਤਰਿਮ ਜ਼ਮਾਨਤ ਨੂੰ ਕੇਜਰੀਵਾਲ ਲਈ ਭਗਵਾਨ ਹਨੂੰਮਾਨ ਦਾ ਵਰਦਾਨ ਦੱਸਿਆ।
ਇਸ ਦੌਰਾਨ ਭਾਰਦਵਾਜ ਨੇ ਕਿਹਾ, ‘‘ਕੇਜਰੀਵਾਲ ਨੂੰ 40 ਦਿਨਾਂ ਬਾਅਦ ਅੰਤਰਿਮ ਜ਼ਮਾਨਤ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਵੀ ਇੱਕ ਬ੍ਰਹਮ ਸੰਕੇਤ ਹੈ ਕਿ ਦੇਸ਼ ਦੇ ਮੌਜੂਦਾ ਹਾਲਾਤ ਬਦਲਣ ਵਾਲੇ ਹਨ। ਉਨ੍ਹਾਂ ਦੀ ਰਿਹਾਈ ਦੇਸ਼ ਵਿੱਚ ਵੱਡੇ ਬਦਲਾਅ ਦਾ ਰਾਹ ਪੱਧਰਾ ਕਰੇਗੀ।’’ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਹੁਤ ਖੁਸ਼ ਹਨ ਅਤੇ ਇਹ ਉਨ੍ਹਾਂ ਲਈ ਉਮੀਦ ਦੀ ਕਿਰਨ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਨਾ ਸਿਰਫ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ ਸਗੋਂ ਲੋਕਤੰਤਰ ਅਤੇ ਸੰਵਿਧਾਨ ਦੀ ਜਿੱਤ ਨੂੰ ਵੀ ਯਕੀਨੀ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅੱਜ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੇਜਰੀਵਾਲ ਨੂੰ 2 ਜੂਨ ਨੂੰ ਆਤਮ ਸਮਰਪਣ ਕਰ ਕੇ ਵਾਪਸ ਜੇਲ੍ਹ ਜਾਣਾ ਪਵੇਗਾ। 7 ਗੇੜਾਂ ਵਾਲੀਆਂ ਲੋਕ ਸਭਾ ਚੋਣਾਂ ਲਈ ਪਹਿਲੀ ਜੂਨ ਨੂੰ ਵੋਟਿੰਗ ਦਾ ਆਖਰੀ ਦਿਨ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Advertisement

ਵੋਟਾਂ ਲੋਕਤੰਤਰ ਨੂੰ ਬਚਾਉਣ ਦਾ ਆਖਰੀ ਮੌਕਾ: ਆਤਿਸ਼ੀ

‘ਆਪ’ ਆਗੂ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ’ਚ ਸੱਚਾਈ ਅਤੇ ਲੋਕਤੰਤਰ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕਤੰਤਰ ਨੂੰ ਬਚਾਏਗਾ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਏਗਾ। ਆਤਿਸ਼ੀ ਨੇ ਕਿਹਾ, ‘‘ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਵੋਟ ਦੀ ਤਾਕਤ ਰਾਹੀਂ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਅਤੇ ਤਾਨਾਸ਼ਾਹੀ ਨੂੰ ਬਦਲਣ ਦਾ ਇਹ ਆਖਰੀ ਮੌਕਾ ਹੈ।’’ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਦੇ ਹੁਕਮ ਦਾ ਸਵਾਗਤ ਕਰਦੇ ਹਾਂ। ਸਤਯਮੇਵ ਜਯਤੇ।’’ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਸਥਿਤ ‘ਆਪ’ ਦਫਤਰ ’ਚ ਜਸ਼ਨ ਮਨਾਏ ਗਏ। ਪਾਰਟੀ ਵਰਕਰਾਂ ਨੇ ਜਸ਼ਨ ’ਚ ਨੱਚਣਾ ਸ਼ੁਰੂ ਕਰ ਦਿੱਤਾ ਅਤੇ ‘’ਜੇਲ ਦੇ ਤਾਲੇ ਟੁੱਟ ਗਏ ਕੇਜਰੀਵਾਲ ਜੀ ਛੁਟ ਹੋ ਗਏ’ ਵਰਗੇ ਨਾਅਰੇ ਲਾਏ।

ਭਗਵੰਤ ਮਾਨ ਅੱਜ ਪੂਰਬੀ ਤੇ ਦੱਖਣੀ ਦਿੱਲੀ ਵਿੱਚ ਰੋਡ ਸ਼ੋਅ ਕਰਨਗੇ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਮਈ ਨੂੰ ‘ਆਪ’ ਉਮੀਦਵਾਰਾਂ ਦੇ ਪ੍ਰਚਾਰ ਲਈ ਪੂਰਬੀ ਅਤੇ ਦੱਖਣੀ ਦਿੱਲੀ ਲੋਕ ਸਭਾ ਹਲਕਿਆਂ ਵਿੱਚ ਰੋਡ ਸ਼ੋਅ ਕਰਨਗੇ। ਦਿੱਲੀ ਵਿੱਚ ਸੱਤ ਗੇੜ ਦੀਆਂ ਚੋਣਾਂ ਦੇ ਛੇਵੇਂ ਪੜਾਅ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਮਾਨ, ਕੁਲਦੀਪ ਕੁਮਾਰ ਅਤੇ ਸਾਹਰਾਮ ਪਹਿਲਵਾਨ ਲਈ ਵੋਟਾਂ ਮੰਗਣਗੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਪੂਰਬੀ ਦਿੱਲੀ ਅਤੇ ਦੱਖਣੀ ਦਿੱਲੀ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਦੇ ਇੱਕ ਆਗੂ ਨੇ ਕਿਹਾ ਕਿ ਉਹ ਦੋ ਹਲਕਿਆਂ ਵਿੱਚ ਰੋਡ ਸ਼ੋਅ ਕਰਨਗੇ। ਕਾਂਗਰਸ ਅਤੇ ‘ਆਪ’ ਵਿਚਕਾਰ ਸੀਟ ਵੰਡ ਤਹਿਤ ਕਾਂਗਰਸ ਨੇ ਦਿੱਲੀ ਦੀਆਂ ਤਿੰਨ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ ਜਦੋਂ ਕਿ ਬਾਕੀ ਚਾਰ ਤੋਂ ‘ਆਪ’ ਚੋਣ ਲੜ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement