ਅੰਤਰ-ਰਾਜੀ ਨਸ਼ਾ ਤਸਕਰੀ ਦੇ ਗਰੋਹ ਦਾ ਪਰਦਾਫਾਸ਼
ਅਜੇ ਮਲਹੋਤਰਾ/ਡਾ. ਹਿਮਾਂਸੂ ਸੂਦ
ਸ੍ਰੀ ਫ਼ਤਹਿਗੜ੍ਹ ਸਾਹਿਬ, 6 ਜੂਨ
ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ ਸਰਹਿੰਦ ਦੀ ਟੀਮ ਨੇ ਸੱਤ ਲੱਖ ਰੁਪਏ ਦੀ ਡਰੱਗ ਮਨੀ ਅਤੇ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵੀਨ ਕੁਮਾਰ ਵਾਸੀ ਹਰਚਰਨ ਨਗਰ ਲੁਧਿਆਣਾ, ਤੇਜਿੰਦਰਪਾਲ ਉਰਫ ਬਾਵਾ ਅਤੇ ਰਾਜਿੰਦਰਪਾਲ ਲਾਲ ਵਾਸੀ ਮੋਗਾ ਅਤੇ ਕਰਨੈਲ ਸਿੰਘ ਉਰਫ ਕੈਲੀ ਵਾਸੀ ਪਿੰਡ ਪਹਾੜਪੁਰ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਵੱਲੋਂ ਚਾਰ ਮੁਲਜ਼ਮਾਂ ਕੋਲੋਂ ਦੋ ਲੱਖ 34 ਹਜ਼ਾਰ ਦੇ ਨਸ਼ੀਲੇ ਪਦਾਰਥ ਤੇ ਇੱਕ ਕਾਰ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਤਾਬਕ, ਮੁਲਜ਼ਮ ਨਵੀਨ ਕੁਮਾਰ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਪੰਜਾਬ ਨਾਲ ਸਬੰਧਤ ਨਸ਼ਾ ਤਸਕਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਂਦਾ ਆ ਰਿਹਾ ਸੀ।
ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਤੇਜਿੰਦਰਪਾਲ, ਰਾਜਿੰਦਰਪਾਲ ਅਤੇ ਕਰਨੈਲ ਸਿੰਘ ਕੈਲੀ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇੱਕ ਹੋਰ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਸੁਖਦਰਸ਼ਨ ਸਿੰਘ ਵਾਸੀ ਪਿੰਡ ਪਹਾੜਪੁਰ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਅਸਲੇ ਸਣੇ ਦੋ ਗ੍ਰਿਫ਼ਤਾਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਗ਼ੈਰਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਇੱਕ ਪਿਸਤੌਲ ਤੇ ਤਿੰਨ ਕਾਰਤੂਸ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੂਰਜ (24) ਤੇ ਰਵੀ ਵਾਸੀਆਨ ਮਨੀਮਾਜਰਾ ਵਜੋਂ ਹੋਈ ਹੈ।