ਸਪਰਿੰਗ ਡੇਲ ਸਕੂਲ ’ਚ ਅੰਤਰ-ਸਕੂਲ ਸ਼ਬਦ ਗਾਇਨ ਮੁਕਾਬਲਾ
ਸਤਵਿੰਦਰ ਬਸਰਾ
ਲੁਧਿਆਣਾ, 19 ਅਕਤੂਬਰ
ਇਥੋਂ ਦੇ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ‘ਸਰਦਾਰ ਨਿਰਮਲ ਸਿੰਘ ਵਾਲੀਆ ਯਾਦਗਾਰੀ’ ਅੰਤਰ-ਸਕੂਲ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੀਬੀਐੱਸਈ ਸਕੂਲਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਾਰੀਆਂ ਟੀਮਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸ਼ਬਦ ਰੂਪ ਵਿੱਚ ਪੇਸ਼ ਕਰਕੇ ਸਕੂਲ ਕੈਂਪਸ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ। ਮੁਕਾਬਲੇ ਦੌਰਾਨ ਸਾਰੀਆਂ ਟੀਮਾਂ ਨੇ ਲੈਅ, ਤਾਲ ਅਤੇ ਸੁਰਾਂ ਦੇ ਨਾਲ ਇੱਕ ਦੂਜੇ ਨੂੰ ਤਕੜੀ ਟੱਕਰ ਦਿੱਤੀ। ਇਕਬਾਲ ਸਿੰਘ ਅਤੇ ਅਮਰਜੀਤ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਮੁਕਾਬਲੇ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 11 ਹਜ਼ਾਰ ਰੁਪਏ ਦਾ ਇਨਾਮ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਦੂਜੇ ਸਥਾਨ ’ਤੇ ਰਹੀ ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਦੀ ਟੀਮ ਨੇ 7100 ਰੁਪਏ, ਤੀਜੇ ਸਥਾਨ ’ਤੇ ਰਹੀ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ, ਬੀਆਰਐਸ ਨਗਰ ਦੀ ਟੀਮ ਨੇ 5100 ਰੁਪਏ ਇਨਾਮ ਵਜੋਂ ਪ੍ਰਾਪਤ ਕੀਤੇ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਦੀਆਂ ਟੀਮਾਂ ਨੂੰ ਸਾਂਝੇ ਤੌਰ’ਤੇ ਉਤਸ਼ਾਹ ਵਧਾਊ ਇਨਾਮ ਵਜੋਂ 3100-3100 ਰੁਪਏ ਇਨਾਮ ਵਜੋਂ ਦਿੱਤੇ ਗਏ। ਸਪਰਿੰਗ ਡੇਲ ਸਕੂਲ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ ਵਾਲੀਆ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਜਿੱਥੇ ਮੁਕਾਬਲੇ ਵਿੱਚ ਆਈਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਉੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।