ਜੀਐੱਨਡੀਈਸੀ ਵਿੱਚ ਏਪੈਕਸ 2024 ਤਹਿਤ ਅੰਤਰ-ਸਕੂਲ ਮੁਕਾਬਲੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਕਤੂਬਰ
ਇਥੋਂ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀਐੱਨਡੀਈਸੀ) ਵਿੱਚ ਕਰਵਾਏ ਅੰਤਰ-ਸਕੂਲ ਪ੍ਰੋਗਰਾਮ ਜੀਐਨਈਜ਼ ਏਪੈਕਸ 2024 ਵਿੱਚ ਸ਼ਹਿਰ ਦੇ ਵੱਖ ਵੱਖ 30 ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਕਾਲਜ ਦੇ ਅਪਲਾਈਡ ਸਾਇੰਸ ਵਿਭਾਗ ਦੇ ਕੌਜ਼ਮਿਕ ਕਲੱਬ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਰਤਨ ਟਾਟਾ ਦੇ ਲੀਡਰਸ਼ਿਪ ਸਕਿੱਲ ਅਤੇ ਮਨੁੱਖਤਾ ਪ੍ਰਤੀ ਅਮੁੱਲੇ ਯੋਗਦਾਨ ਨੂੰ ਸਮਰਪਿਤ ਰਿਹਾ।
ਦਿਨ ਦੀ ਸ਼ੁਰੂਆਤ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਵੱਲੋਂ ਫਿਜ਼ਿਕਸ ਉੱਤੇ ਕੀਤੇ ਪ੍ਰੇਰਣਾਦਾਇਕ ਸੈਸ਼ਨ ਨਾਲ ਹੋਈ। ਇਸ ਦੌਰਾਨ ਵਿਦਿਆਰਥੀਆਂ ਨੇ ਲੋਕ ਨਾਚ, ਰੰਗੋਲੀ ਮਾਰਵਲਜ਼, ਪੈਂਸਿਲ ਸ਼ੇਡਿੰਗ, ਡਿਜ਼ੀਟਲ ਆਈਡੈਂਟਿਟੀ, ਮਾਈਮ ਆਦਿ ਵਰਗੀਆਂ ਗਤਿਵਿਧੀਆਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਏਪੈਕਸ ਮੇਲਾ ਰਿਹਾ ਜਿਸ ਵਿੱਚ ਜੀਐੱਨਡੀਈਸੀ ਕਾਲਜ ਦੀਆਂ ਪ੍ਰੋਫੈਸ਼ਨਲ ਸੁਸਾਇਟੀਆਂ ਅਤੇ ਕਲੱਬਾਂ ਨੇ ਵਿਦਿਆਰਥੀਆਂ ਲਈ ਤਕਨੀਕੀ ਖੇਡਾਂ ਅਤੇ ਰਚਨਾਤਮਕ ਗਤਿਵਿਧੀਆਂ ਕਰਵਾਈਆਂ।
ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਅਹਿਮ ਦੱਸਿਆ। ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜੀਐੱਨਡੀਈਸੀ ਦੇ ਪ੍ਰਿੰਸਿਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀ ਦੇ ਹੁਨਰ ਨੂੰ ਨਿਖਾਰਦਾ ਹੈ। ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਏਪੈਕਸ ਟੀਮ, ਡਾ. ਰਣਧੀਰ ਸਿੰਘ ਤੇ ਡਾ. ਰਾਜਵੀਰ ਕੌਰ ਦੀ ਸ਼ਲਾਘਾ ਕੀਤੀ। ਇਸ ਦੌਰਾਨ ਹੋਏ ਮੁਕਾਬਲਿਆਂ ’ਚ ਸੂਫੀ ਗਾਇਨ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਡੀਏਵੀ ਸਕੂਲ ਪੱਖੋਵਾਲ ਰੋਡ ਨੇ ਦੂਜਾ ਤੇ ਆਤਮ ਦੇਵਕੀ ਸਕੂਲ ਨੇ ਤੀਜਾ ਸਥਾਨ, ਮੀਡੀਆ ਸਪੌਟਲਾਈਟ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਨੇ ਪਹਿਲਾ, ਨਨਕਾਣਾ ਸਾਹਿਬ ਸਕੂਲ ਨੇ ਦੂਜਾ ਤੇ ਆਨੰਦ ਈਸ਼ਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।