For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ-ਖੇਤਰੀ ਯੁਵਕ ਮੇਲਾ ਸ਼ੁਰੂ

08:54 AM Nov 08, 2024 IST
ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਖੇਤਰੀ ਯੁਵਕ ਮੇਲਾ ਸ਼ੁਰੂ
ਯੁਵਕ ਮੇਲੇ ਦੌਰਾਨ ਗਿੱਧਾ ਪਾ ਰਹੀਆਂ ਵਿਦਿਆਰਥਣਾਂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 7 ਨਵੰਬਰ
ਪੰਜਾਬੀ ਯੂਨੀਵਰਸਿਟੀ ਦਾ ਤਿੰਨ ਦਿਨਾ ਅੰਤਰ ਖੇਤਰੀ ਯੁਵਕ ਮੇਲਾ ਅੱਜ ਗੁਰੂ ਤੇਗ ਬਹਾਦਰ ਹਾਲ ਵਿੱਚ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ। ਯੁਵਕ ਮੇਲੇ ਦੇ ਉਦਘਾਟਨ ਮਗਰੋਂ ਜਿੱਥੇ ਗਿੱਧੇ ਨੇ ਮੇਲੇ ਨੂੰ ਚਾਰ ਚੰਨ ਲਾਏ, ਉਥੇ ਹੀ ਮਾਈਮ ਅਤੇ ਸਕਿੱਟ ’ਤੇ ਆਧਾਰਤ ਥੀਏਟਰ ਦੀਆਂ ਵੰਨਗੀਆਂ ਨੇ ਵੀ ਆਪਣਾ ਜਾਦੂ ਬਿਖੇਰਿਆ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਯੁਵਕ ਮੇਲੇ ਯੂਨੀਵਰਸਿਟੀਆਂ ਦੀ ਪਛਾਣ ਹੁੰਦੇ ਹਨ। ਫ਼ਖ਼ਰ ਵਾਲ਼ੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਮੇਲਿਆਂ ਰਾਹੀਂ ਕਲਾ ਦੇ ਖੇਤਰ ਦੀਆਂ ਬੇਅੰਤ ਨਾਮੀਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਇਨ੍ਹਾਂ ਮੇਲਿਆਂ ਦੀ ਹੀ ਦੇਣ ਹੈ ਕਿ ਪੰਜਾਬ ਦੇ ਸੰਗੀਤ ਅਤੇ ਫ਼ਿਲਮ ਜਗਤ ਦੀਆਂ ਵੱਡੀਆਂ ਨਾਮੀ ਹਸਤੀਆਂ ਵਿੱਚੋਂ ਬਹੁ-ਗਿਣਤੀ ਸ਼ਖ਼ਸੀਅਤਾਂ ਪੰਜਾਬੀ ਯੂਨੀਵਰਸਿਟੀ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਮੁੱਖ ਮਹਿਮਾਨ ਲੋਕ ਗਾਇਕ ਪੰਮੀ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਅਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਅਦਾਕਾਰ ਹੌਬੀ ਧਾਲੀਵਾਲ ਨੇ ਯੂਨੀਵਰਸਿਟੀ ਦਾ ਵਿਸ਼ੇਸ਼ ਸ਼ੁਕਰਾਨਾ ਕੀਤਾ। ਮੇਲੇ ਦੇ ਪਹਿਲੇ ਦਿਨ ਗਿੱਧੇ ਦੀ ਵੰਨਗੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਹ ਧੀਆਂ ਦਾ ਦਿਨ ਹੈ। ਸਾਨੂੰ ਧੀਆਂ ਨੂੰ ਜਨਮ ਲੈਣ ਅਤੇ ਮਾਣ ਨਾਲ ਰਹਿਣ ਸਬੰਧੀ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗਾਇਕ ਜਸਬੀਰ ਜੱਸੀ ਨੇ ਆਪਣੇ ਕਈ ਪ੍ਰਸਿੱਧ ਗੀਤਾਂ ਨਾਲ ਸਟੇਜ ’ਤੇ ਰੰਗ ਬੰਨ੍ਹਿਆ ਤੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦਾ ਹੋਕਾ ਵੀ ਦਿੱਤਾ। ਗਿੱਧੇ ਦੀਆਂ ਬੋਲੀਆਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਾਡੇ ਕੋਲ ਏਨੇ ਜ਼ਿਆਦਾ ਵੰਨਗੀ ਭਰਪੂਰ ਰੰਗ ਹਨ ਕਿ ਜਿੰਨੇ ਸ਼ਾਇਦ ਦੁਨੀਆਂ ਦੀ ਕਿਸੇ ਵੀ ਹੋਰ ਭਾਸ਼ਾ ਕੋਲ ਨਹੀਂ ਹਨ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਵਰਿੰਦਰ ਕੌਸ਼ਿਕ ਨੇ ਕਿਹਾ ਕਿ ਮੇਲੇ ਦੇ ਸਫ਼ਲ ਪ੍ਰਬੰਧਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਵੇਗੀ। ਯੂਨੀਵਰਸਿਟੀ ਵੱਲੋਂ ਹਰ ਵਾਰ ਵਾਂਗ ਸਾਰੀਆਂ ਟੀਮਾਂ ਦੀਆਂ ਪੇਸ਼ਕਾਰੀਆਂ ਨੂੰ ਬਣਦੀ ਤਵੱਜੋ ਦਿੰਦਿਆਂ ਨਤੀਜਿਆਂ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement