ਮਾਹਿਲਪੁਰ ’ਚ ਅੰਤਰ ਕਾਲਜ ਫੁਟਬਾਲ ਟੂਰਨਾਮੈਂਟ ਸ਼ੁਰੂ
ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 25 ਅਕਤੂਬਰ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਇਆ ਜਾ ਰਿਹਾ ਛੇ ਦਿਨਾਂ ਅੰਤਰ ਕਾਲਜ ਫੁਟਬਾਲ (ਲੜਕੇ) ਟੂਰਨਾਮੈਂਟ ਅੱਜ ਆਰੰਭ ਹੋ ਗਿਆ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਨੇ ਸ਼ਿਰਕਤ ਕੀਤੀ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੈਟਰਨ ਡਾ. ਜੰਗ ਬਹਾਦਰ ਸਿੰਘ ਰਾਏ, ਅਰਜਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਸੋਹਣ ਸਿੰਘ ਲੱਲੀਆਂ ਨੇ ਕੀਤੀ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਵਾਗਤੀ ਸੰਬੋਧਨ ਕਰਦਿਆਂ ਦੱਸਿਆ ਕਿ 30 ਅਕਤੂੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਵੱਖ ਵੱਖ ਕਾਲਜਾਂ ਦੀਆਂ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਉਦਘਾਟਨੀ ਮੈਚ ’ਚ ਸ੍ਰੀ ਅਰਬਿੰਦੋ ਕਾਲਜ ਲੁਧਿਆਣਾ ਨੇ ਸਰਕਾਰੀ ਕਾਲਜ, ਸੈਕਟਰ 50, ਚੰਡੀਗੜ੍ਹ ਨੂੰ 3-2 ਦੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿੱਚ ਸਰਕਾਰੀ ਕਾਲਜ ਮੁਕਤਸਰ ਨੇ ਜੀ.ਐੱਨ. ਕਾਲਜ ਮੁਕਤਸਰ ਨੂੰ 6-1 ਦੇ ਫਰਕ ਨਾਲ ਹਰਾਇਆ। ਤੀਜੇ ਮੈਚ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕੈਂਪਸ ਨੇ ਜੀਜੀਡੀਐੱਸਡੀ ਕਾਲਜ ਸੈਕਟਰ 32, ਚੰਡੀਗੜ੍ਹ ਨੂੰ 3-2 ਨਾਲ ਹਰਾਇਆ।