ਇਮਾਨਦਾਰੀ: ਮਾਲਕ ਨੂੰ ਸੌਂਪਿਆ ਲੱਭਿਆ ਪਰਸ
ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੁਲਾਈ
ਇਥੇ ਅੱਜ ਦੇ ਜ਼ਮਾਨੇ ਵਿੱਚ ਵੀ ਇਮਾਨਦਾਰ ਇਨਸਾਨਾਂ ਦੀ ਕੋਈ ਤੋਟ ਨਹੀਂ ਹੈ। ਅੱਜ ਇਮਾਨਦਾਰੀ ਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਡੇਰਾ ਸਿਰਸਾ ਦੇ ਮੈਂਬਰ ਅਵਤਾਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸੰਤ ਅਤਰ ਸਿੰਘ ਨਗਰ ਨੂੰ ਬਰਨਾਲਾ ਰੋਡ ’ਤੇ ਬੱਗੂਆਣਾ ਪਿੰਡ ਦੇ ਗੇਟ ਨੇੜੇ ਸੜਕ ’ਤੇ ਡਿੱਗਿਆ ਪਰਸ ਮਿਲਿਆ ਜਿਸ ਵਿੱਚ 4150 ਰੁਪਏ, ਦੋ ਏ ਟੀ ਐਮ, ਦਸਤਖਤ ਕੀਤਾ ਇੱਕ ਖਾਲੀ ਚੈੱਕ ਤੋਂ ਇਲਾਵਾ ਅਧਾਰ ਕਾਰਡ ਅਤੇ ਪੈਨ ਕਾਰਡ ਵੀ ਸ਼ਾਮਲ ਸਨ। ਅਧਾਰ ਕਾਰਡ ਤੋਂ ਪਤਾ ਲੱਗਾ ਕਿ ਇਹ ਪਰਸ ਮੇਜਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਿਲਾ ਭਰੀਆ (ਲੌਂਗੋਵਾਲ) ਦਾ ਹੈ ਪ੍ਰੰਤੂ ਪਰਸ ਵਿੱਚ ਕੋਈ ਫੋਨ ਨੰਬਰ ਨਹੀਂ ਸੀ ਤਾਂ ਅਵਤਾਰ ਸਿੰਘ ਨੇ ਕਿਲਾ ਭਰੀਆ ਵਿੱਚ ਰਹਿੰਦੇ ਆਪਣੇ ਇੱਕ ਜਾਣੂ ਨਾਲ ਗੱਲਬਾਤ ਕੀਤੀ ਤੇ ਮਾਲਕ ਨਾਲ ਤਾਲਮੇਲ ਕਰਵਾਉਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਹੀ ਮੇਜਰ ਸਿੰਘ ਨੇ ਆਪਣੇ ਕਾਗਜ਼ ਪੱਤਰ ਦੀਆਂ ਨਿਸ਼ਾਨੀਆਂ ਦੱਸ ਕੇ ਅਵਤਾਰ ਸਿੰਘ ਤੋਂ ਆਪਣਾ ਪਰਸ ਪ੍ਰਾਪਤ ਕਰ ਲਿਆ।