ਤਹਿਸੀਲਦਾਰਾਂ ਨੂੰ ਜ਼ਮੀਨੀ ਇੰਤਕਾਲ ਕੰਪਿਊਟਰ ’ਚ ਦਰਜ ਕਰਨ ਦੀਆਂ ਹਦਾਇਤਾਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਫਰਵਰੀ
ਸੂਬਾ ਸਰਕਾਰ ਨੇ ਤਹਿਸੀਲਦਾਰਾਂ ਨੂੰ 10 ਫਰਵਰੀ ਤੋਂ ਜ਼ਮੀਨੀ ਇੰਤਕਾਲ ਵੇਰਵਿਆਂ ਸਣੇ ਕੰਪਿਊਟਰ ਸਿਸਟਮ ਵਿੱਚ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਨਾਲ ਲੋਕ ਡਿਜੀਟਲ ਡੇਟਾ ਵਿਭਾਗ ਦੀ ਵੈੱਬਸਾਈਟ ’ਤੇ ਦੇਖ ਸਕਣਗੇ। ਸੂਬਾ ਸਰਕਾਰ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਭੋਂ ਮਾਲੀਆ-2 ਸਾਖਾ) ਵੱਲੋਂ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਦੇ ਦਸਤਖ਼ਤਾਂ ਹੇਠ ਰਾਜ ਦੇ ਸਮੂਹ ਡਿਪਟੀ ਕਮਿਸਨਰਾਂ ਅਤੇ ਐੱਸਡੀਐੱਮਜ਼ ਦੇ ਨਾਮ 31 ਜਨਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਇੰਤਕਾਲ ਦੀ ਪੜ੍ਹਤ ਪਟਵਾਰ ਉੱਤੇ ਕੇਵਲ ‘ਪ੍ਰਵਾਨ ਹੈ’ ਜਾਂ ‘ਨਾ ਪ੍ਰਵਾਨ’ ਹੈ, ਦਾ ਹੁਕਮ ਲਿਖਦੇ ਹਨ। ਉਨ੍ਹਾਂ ਵੱਲੋਂ ਵੇਰਵਿਆਂ ਸਣੇ ਹੁਕਮ ਪੜ੍ਹਤ ’ਤੇ ਹੀ ਲਿਖਿਆ ਜਾਂਦਾ ਹੈ ਜੋ ਕਾਨੂੰਨਗੋ ਦਫ਼ਤਰ ਕੋਲ ਜਮ੍ਹਾਂ ਕਰਵਾਈ ਜਾਂਦੀ ਹੈ। ਸੂਬਾ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਫ਼ੈਸਲਾ ਲਿਆ ਹੈ ਕਿ 10 ਫਰਵਰੀ ਤੋਂ ਤਹਿਸੀਲਦਾਰ/ਨਾਇਬ ਤਹਿਸੀਲਦਾਰ ਇੰਤਕਾਲ ਮਨਜ਼ੂਰ/ਨਾ-ਮਨਜ਼ੂਰ ਕਰਨ ਸਬੰਧੀ ਆਪਣੇ ਵੇਰਵੇ ਸਣੇ ਹੁਕਮ ਕੇਵਲ ਕੰਪਿਊਟਰ ਸਿਸਟਮ ਵਿੱਚ ਦਰਜ ਕਰਨਗੇ। ਇਸ ਉਪਰੰਤ ਉਹ ਕੰਪਿਊਟਰ ਵਿੱਚੋਂ ਹੁਕਮ ਸਣੇ ਇੰਤਕਾਲ (ਮਿਊਟੇਸ਼ਨ) ਸੀਟ ਦਾ ਪ੍ਰਿੰਟ ਕਢਵਾ ਕੇ ਉਸ ’ਤੇ ਦਸਤਖ਼ਤ ਕਰ ਕੇ ਦਫ਼ਤਰ ਕਾਨੂੰਨਗੋ ਨੂੰ ਭੇਜਣਗੇ। ਇਸ ਸਿਸਟਮ ਨਾਲ ਕੰਪਿਊਟਰਾਈਜ਼ਡ ਡੇਟਾ ਵਿਭਾਗ ਦੀ ਵੈੱਬਸਾਈਟ ’ਤੇ ਦੇਖਿਆ ਜਾ ਸਕੇਗਾ ਜਦੋਂਕਿ ਮੌਜੂਦਾ ਸਮੇਂ ਇੰਤਕਾਲ ਦੀ ਨਕਲ ਲਈ ਸੇਵਾ ਕੇਂਦਰ ਵਿੱਚ ਅਰਜ਼ੀ ਦੇਣੀ ਪੈਂਦੀ ਹੈ ਤੇ ਨਕਲ ਦੇਣ ਲਈ 10 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ। ਇਹ ਸਿਸਟਮ ਨਾਲ ਮੌਕੇ ’ਤੇ ਹੀ ਇੰਤਕਾਲ ਦੀ ਨਕਲ ਪ੍ਰਾਰਥੀ ਨੂੰ ਦਿੱਤੀ ਜਾ ਸਕੇਗੀ। ਕਈ ਵਾਰ ਸਬੰਧਤ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਵੱਲੋਂ ਸਮੇਂ ਸਿਰ ਪੜ੍ਹਤ ਸਰਕਾਰ ਦਫ਼ਤਰ ਕਾਨੂੰਨਗੋ ਕੋਲ ਜਮ੍ਹਾਂ ਨਹੀਂ ਕਰਵਾਈ ਜਾਂਦੀ। ਇਸੇ ਤਰ੍ਹਾਂ ਕਈ ਵਾਰ ਦਫ਼ਤਰ ਕਾਨੂੰਨਗੋ ਵੱਲੋਂ ਰਿਕਾਰਡ ਗੁੰਮ ਜਾਂਦਾ ਹੈ। ਇਸ ਨਾਲ ਧੋਖੇ ਦਾ ਡਰ ਰਹਿੰਦਾ ਹੈ। ਇਨ੍ਹਾਂ ਨਵੇਂ ਹੁਕਮਾਂ ਨਾਲ ਇਹ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।
ਇਨ੍ਹਾਂ ਹੁਕਮਾਂ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਜੇ ਕਿਸੇ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਨੂੰ ਸਿਖਲਾਈ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਸਿਸਟਮ ਮੈਨੇਜਰ (ਡੀਐੱਸਐੱਮ) ਤੋਂ ਤੁਰੰਤ ਸਿਖਲਾਈ ਦਿਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।